
ਕੁੱਲੂ ਦੇ ਐਸਪੀ ਨੇ ਮੁੱਖ ਮੰਤਰੀ ਦੇ ਸੁਰੱਖਿਆ ਇੰਚਾਰਜ ਨੂੰ ਜੜਿਆ ਥੱਪੜ
ਨਵੀਂ ਦਿੱਲੀ, 24 ਜੂਨ : ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਹਿਮਾਚਲ ਪ੍ਰਦੇਯ. ਦੇ ਕੁੱਲੂ ਦੀ ਫੇਰੀ ਦੌਰਾਨ ਪੁਲਿਸ ਅਧਿਕਾਰੀ ਭੁੰਤਰ ਏਅਰਪੋਰਟ ਦੇ ਬਾਹਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਇਕ ਦੂਜੇ ਨਾਲ ਭਿੜ ਗਏ | ਵਿਵਾਦ ਇੰਨਾ ਵੱਧ ਗਿਆ ਕਿ ਐਸਪੀ ਕੁੱਲੂ ਗੌਰਵ ਸਿੰਘ ਨੇ ਮੁੱਖ ਮੰਤਰੀ ਦੇ ਸੁਰੱਖਿਆ ਇੰਚਾਰਜ ਅਤੇ ਵਧੀਕ ਐਸਪੀ ਬਿ੍ਜੇਸ਼ ਸੂਦ ਨੂੰ ਥੱਪੜ ਮਾਰ ਦਿਤਾ | ਇਸ ਦੇ ਜਵਾਬ ਵਿਚ ਮੁੱਖ ਮੰਤਰੀ ਦੀ ਸੁਰੱਖਿਆ ਵਿਚ ਤਾਇਨਾਤ ਕਰਮਚਾਰੀਆਂ ਨੇ ਐਸਪੀ ਨੂੰ ਘੇਰ ਲਿਆ ਅਤੇ ਮੁੱਖ ਮੰਤਰੀ ਦੇ ਪੀਐਸਓ ਬਲਵੰਤ ਸਿੰਘ ਨੇ ਐਸਪੀ ਨੂੰ ਲੱਤਾਂ ਨਾਲ ਮਾਰਿਆ | ਇਸ ਮਾਮਲੇ ਦੀ ਵੀਡੀਉ ਵੀ ਵਾਇਰਲ ਹੋ ਰਹੀ ਹੈ | ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਕੇਂਦਰੀ ਰੇਂਜ ਮੰਡੀ ਦੇ ਡੀਆਈਜੀ ਮਧੂਸੂਦਨ ਨੇ ਜਾਂਚ ਸ਼ੁਰੂ ਕੀਤੀ ਹੈ |
ਇਸ ਨਾਲ ਹੀ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਡੀਜੀਪੀ ਸੰਜੇ ਕੁੰਡੂ ਵੀ ਕੁੱਲੂ ਤੋਂ ਸ਼ਿਮਲਾ ਲਈ ਰਵਾਨਾ ਹੋ ਗਏ | ਬੁਧਵਾਰ ਦੁਪਹਿਰ 2 ਵਜੇ ਤੋਂ ਬਾਅਦ ਕਰੀਬ ਸਾਢੇ ਤਿੰਨ ਵਜੇ ਨਿਤਿਨ ਗਡਕਰੀ ਪੰਜ ਦਿਨਾਂ ਦੇ ਦੌਰੇ 'ਤੇ ਕੁੱਲੂ ਪਹੁੰਚੇ ਸਨ |
ਮੰਤਰੀ ਨੂੰ ਲੈਣ ਪਹੁੰਚੇ ਮੁੱਖ ਮੰਤਰੀ ਜੈਰਾਮ ਠਾਕੁਰ ਲਾਵ ਲਸ਼ਕਰ ਦੇ ਨਾਲ ਭੁੰਤਰ ਏਅਰਪੋਰਟ ਪਹੁੰਚੇ | ਸੂਤਰਾਂ ਅਨੁਸਾਰ ਪ੍ਰੋਟੋਕਾਲ ਦੇ ਅਨੁਸਾਰ ਗਡਕਰੀ ਦੇ ਵਾਹਨਾਂ ਦੇ ਕਾਫ਼ਲੇ ਵਿਚ ਸਿਰਫ ਮੁੱਖ ਮੰਤਰੀ ਦੀ ਗੱਡੀ ਸ਼ਾਮਲ ਕੀਤੀ ਜਾਣੀ ਸੀ ਅਤੇ ਬਾਕੀ ਵਾਹਨ ਕਾਫ਼ਲੇ ਦੇ ਮਗਰ ਰਹਿਣੇ ਸਨ, ਪਰ ਵਾਹਨਾਂ ਦੇ ਕਾਫ਼ਲੇ ਵਿਚ ਸ਼ਾਮਲ ਕਰਨ ਨੂੰ ਲੈ ਕੇ ਐਸਪੀ ਕੁੱਲੂ ਅਤੇ ਐਡੀਸ਼ਨਲ ਐਸਪੀ ਸੀਐਮ ਸੁਰੱਖਿਆ ਵਿਚ ਝਗੜਾ ਹੋ ਗਿਆ | ਮਾਮਲਾ ਇੰਨਾ ਵੱਧ ਗਿਆ ਕਿ ਜਦੋਂ ਕਾਫ਼ਲਾ ਇਕ ਜਗ੍ਹਾ'ਤੇ ਰੁਕਿਆ ਤਾਂ ਐਸਪੀ ਅਤੇ ਐਡੀਸ਼ਨਲ ਐਸਪੀ ਵਿਚਾਲੇ ਝਗੜਾ ਹੋ ਗਿਆ | ਬਹਿਸ ਦੌਰਾਨ ਹੀ ਐਸਪੀ ਨੇ ਐਡੀਸ਼ਨਲ ਐਸਪੀ ਨੂੰ ਥੱਪੜ ਜੜ ਦਿਤਾ | ਜਦੋਂ ਇੰਚਾਰਜ ਨੂੰ ਥੱਪੜ ਮਾਰਿਆ ਗਿਆ ਤਾਂ ਸੀਐਮ ਸਿਕਿਊਰਟੀ ਦੇ ਕਰਮਚਾਰੀ ਗੁੱਸੇ ਵਿਚ ਆ ਗਏ ਅਤੇ ਉਸ ਨੂੰ ਫੜ ਕੇ ਐਸਪੀ ਨੂੰ ਘੇਰਨ ਦੀ ਕੋਸ਼ਿਸ਼ ਕਰਨ ਲੱਗੇ | ਜਦੋਂ ਐਸਪੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੁੱਖ ਮੰਤਰੀ ਦੇ ਪੀਐਸਓ ਬਲਵੰਤ ਸਿੰਘ ਨੇ ਗੌਰਵ ਨੂੰ ਲੱਤਾਂ ਮਾਰੀਆਂ | ਇਸ ਦੌਰਾਨ ਸਥਾਨਕ ਲੋਕ ਸੜਕ 'ਤੇ ਬਾਹਰ ਆ ਗਏ ਅਤੇ ਐਸਪੀ ਦੇ ਹੱਕ ਵਿਚ ਮੁੱਖ ਮੰਤਰੀ ਦੀ ਕਾਰ ਦੇ ਅੱਗੇ ਖੜੇ ਹੋ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿਤਾ | ਕਾਹਲੀ ਵਿਚ ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਹਟਾ ਦਿਤਾ ਅਤੇ ਮੁੱਖ ਮੰਤਰੀ ਦੀ ਗੱਡੀ ਭੇਜ ਦਿਤੀ | (ਪੀਟੀਆਈ)