
ਹੁਣ ਪੰਜਾਬ 'ਚ ਕਾਂਗਰਸ ਬਨਾਮ ਕਾਂਗਰਸ ਲੜਾਈ ਸ਼ੁਰੂ ਹੋਣ ਲੱਗੀ
ਜਾਖੜ ਨੇ ਵੀ ਬਾਜਵਾ ਪ੍ਰਵਾਰ ਵਿਰੁਧ ਖੋਲਿ੍ਹਆ ਮੋਰਚਾ, ਮਾਮਲਾ ਮੁੜ ਹਾਈਕਮਾਨ ਕੋਲ ਪੁੱਜਾ
ਚੰਡੀਗੜ, 24 ਜੂਨ (ਗੁਰਉਪਦੇਸ਼ ਭੁੱਲਰ): ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਗਠਤ ਤਿੰਨ ਮੈਂਬਰੀ ਖੜਗੇ ਕਮੇਟੀ ਅਤੇ ਰਾਹੁਲ ਗਾਂਧੀ ਵਲੋਂ ਪੰਜਾਬ ਕਾਂਗਰਸ ਤੇ ਸਰਕਾਰ ਦੇ ਅੰਦਰੂਨੀ ਵਿਵਾਦਾਂ ਨੂੰ ਹੱਲ ਕਰਨ ਲਈ ਲਗਾਤਾਰ 10 ਦਿਨ ਤੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਮਿੱਟੀ ਵਿਚ ਮਿਲਦੀਆਂ ਦਿਖਾਈ ਦੇ ਰਹੀਆਂ ਹਨ | ਕਾਂਗਰਸ ਹਾਈਕਮਾਨ ਵੀ ਪੂਰੀ ਤਰ੍ਹਾਂ ਅਸਫ਼ਲ ਹੁੰਦਾ ਦਿਖਾਈ ਦੇ ਰਿਹਾ ਹੈ | ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿੱਲੀ ਤੋਂ ਗੁੱਸੇ ਵਿਚ ਭਰੇ ਪੀਤੇ ਸੋਨੀਆ ਤੇ ਰਾਹੁਲ ਨੂੰ ਮਿਲੇ ਬਿਨਾਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਦੇ ਓ.ਐਸ.ਡੀ. ਅੰਕਿਤ ਬਾਂਸਲ ਵਲੋਂ ਕੀਤੇ ਟਵੀਟ ਨਾਲ ਹੀ ਪੰਜਾਬ ਕਾਂਗਰਸ ਵਿਚ ਪੈਦਾ ਸੰਕਟ ਹੋਰ ਗੰਭੀਰ ਹੋਣ ਦੇ ਸੰਕੇਤ ਮਿਲ ਗਏ ਸਨ, ਭਾਵੇਂ ਕਿ ਅੰਕਿਤ ਬਾਂਸਲ ਨੇ ਅਪਣਾ ਟਵੀਟ ਕੁੱਝ ਹੀ ਮਿੰਟਾਂ ਬਾਅਦ ਸੋਸ਼ਲ ਮੀਡੀਆ ਤੋਂ ਹਟਾ ਲਿਆ ਗਿਆ ਸੀ |
ਪਾਰਟੀ ਹਾਈਕਮਾਨ ਦੇ ਕਿਸੇ ਫ਼ੈਸਲੇ ਤੋਂ ਪਹਿਲਾਂ ਹੀ ਹੁਣ ਪੰਜਾਬ ਵਿਚ ਕਾਂਗਰਸ ਬਨਾਮ ਕਾਂਗਰਸ ਲੜਾਈ ਖੁਲ੍ਹੇਆਮ ਸ਼ੁਰੂ ਹੁੰਦੀ ਦਿਖਾਈ ਦੇ ਰਹੀ ਹੈ | ਵਿਧਾਇਕ ਪੱੁਤਰਾਂ ਦੇ ਬੇਟਿਆਂ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਬਾਅਦ ਪਾਰਟੀ ਅੰਦਰ ਕਾਫ਼ੀ ਵਿਰੋਧ ਹੋਇਆ ਸੀ ਤੇ ਹੁਣ ਕੈਪਟਨ ਦੀ ਹਾਈਕਮਾਨ ਨਾਲ ਪੈਦਾ ਹੋਈ ਨਾਰਾਜ਼ਗੀ ਤੋਂ ਬਾਅਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਵਿਧਾਇਕ ਭਰਾ ਫ਼ਤਿਹਜੰਗ ਸਿੰਘ ਬਾਜਵਾ ਨੇ ਅੱਜ ਅਪਣੇ ਬੇਟੇ ਨੂੰ ਸਰਕਾਰੀ ਨੌਕਰੀ ਦੀ ਪੇਸ਼ਕਸ਼ ਸਵੀਕਾਰ ਨਾ ਕੀਤੇ ਜਾਣ ਦੇ ਐਲਾਨ ਸਬੰਧੀ ਇਥੇ ਕੀਤੀ ਪ੍ਰੈਸ ਕਾਨਫ਼ਰੰਸ ਵਿਚ ਕਾਂਗਰਸ ਦੀ ਅੰਦਰੂਨੀ ਲੜਾਈ ਨੂੰ ਹਵਾ ਦਿੰਦਿਆਂ ਖੁਲ੍ਹੇਆਮ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਤਿ੍ਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖ ਸਰਕਾਰੀਆ 'ਤੇ ਤਿੱਖਾ ਪਲਟਵਾਰ ਕਰਦਿਆਂ ਉਨ੍ਹਾਂ ਨੂੰ ਅਪਣੇ ਸਕੇ ਸਬੰਧੀਆਂ ਤੇ ਪ੍ਰਵਾਰਕ ਮੈਂਬਰਾਂ ਤੋਂ ਸਰਕਾਰੀ ਅਹੁਦੇ ਵਾਪਸ ਕਰਨ ਲਈ ਸਿੱਧੇ ਤੌਰ 'ਤੇ ਵੰਗਾਰਿਆ ਹੈ | ਫ਼ਤਿਹ ਬਾਜਵਾ ਨੇ ਕਿਹਾ ਕਿ ਕਿਸੇ ਦੇ ਬੱਚਿਆਂ ਦੀ ਨੌਕਰੀ ਤੇ ਰਾਜਨੀਤੀ ਕਰਨਾ ਬਹੁਤ ਘਟੀਆ ਕੰਮ ਹੈ ਅਤੇ ਉਨ੍ਹਾਂ ਇਨ੍ਹਾਂ ਤਿੰਨਾਂ ਆਗੂਆਂ ਨੂੰ ਸਿੱਧੀ ਚੁਨੌਤੀ ਦਿੰਦਿਆਂ ਕਿਹਾ ਕਿ ਹੁਣ ਤਕੜੇ ਹੋ ਜਾਉ, ਤੁਹਾਨੂੰ ਦੇਖਾਂਗੇ | ਗੱਲ ਫ਼ਤਿਹ ਬਾਜਵਾ ਦੇ ਤਿਖੇ ਬਿਆਨ ਤਕ ਹੀ ਹੁਣ ਸੀਮਤ ਨਹੀਂ ਰਹੀ ਬਲਕਿ ਫ਼ਤਿਹ ਬਾਜਵਾ 'ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਵੀ ਮੋੜਵਾਂ ਪਲਟਵਾਰ ਕਰਦਿਆਂ ਸਖ਼ਤ ਜਵਾਬ ਦਿਤਾ ਹੈ ਅਤੇ ਸਾਰਾ ਮਾਮਲਾ ਹੁਣ ਇਕ ਵਾਰ ਫੇਰ ਪਾਰਟੀ ਹਾਈਕਮਾਨ ਦੇ ਨੋਟਿਸ ਵਿਚ ਲਿਆਂਦਾ ਗਿਆ ਹੈ | ਫ਼ਤਿਹ ਬਾਜਵਾ ਵਲੋਂ ਸੂਬਾ ਕਾਂਗਰਸ ਪ੍ਰਧਾਨ ਤੇ ਸੀਨੀਅਰ ਮੰਤਰੀਆਂ ਦੇ ਸਿੱਧੇ ਹਮਲੇ ਬਾਅਦ ਹੁਣ ਕਾਂਗਰਸ ਦੀ ਲੜਾਈ ਸੜਕਾਂ 'ਤੇ ਆਉਣ ਲੱਗੀ ਹੈ |
ਫ਼ਤਿਹ ਬਾਜਵਾ ਨੇ ਅੱਜ ਪ੍ਰੈਸ ਕਾਨਫ਼ਰੰਸ ਵਿਚ ਕਿਹਾ ਕਿ ਜਾਖੜ, ਕੁੱਝ ਮੰਤਰੀਆਂ ਤੇ ਹੋਰ ਆਗੂਆਂ ਨੇ ਮੇਰੇ ਬੇਟੇ ਦੀ ਨੌਕਰੀ ਦਾ ਵਿਰੋਧ ਨਹੀਂ ਬਲਕਿ ਇਸ ਦਾ ਆੜ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਹੀ ਵਿਰੋਧ ਕੀਤਾ ਹੈ | ਉਨ੍ਹਾਂ ਜਾਖੜ, ਤਿ੍ਪਤ ਤੇ ਸੁਖ ਸਰਕਾਰੀਆ ਨੂੰ ਚੁਨੌਤੀ ਦਿੰਦੇ ਹੋਏ ਕਿਹਾ ਕਿ ਹੁਣ ਜਦ ਮੇਰੇ ਬੇਟੇ ਨੇ ਨੌਕਰੀ ਤਿਆਗ ਦਿਤੀ ਹੈ ਤਾਂ ਹੁਣ ਅਪਣੇ ਸਕੇ ਸਬੰਧੀਆਂ ਤੋਂ ਵੀ ਅਹੁਦੇ ਛੁਡਵਾਉ | ਉਨ੍ਹਾਂ ਕਿਹਾ ਕਿ ਜਾਖੜ ਦੇ ਭਤੀਜੇ ਅਜੈਵੀਰ ਜਾਖੜ ਪੰਜਾਬ ਫ਼ਾਰਮਰ ਕਮਿਸ਼ਨ ਦੇ ਚੇਅਰਮੈਨ ਹਨ | ਤਿ੍ਪਤ ਬਾਜਵਾ ਦਾ ਬੇਟਾ ਰਵੀਨੰਦਨ ਸਿੰਘ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਅਤੇ ਸੁੱਖ ਸਰਕਾਰੀਆ ਦਾ ਭਤੀਜਾ ਦਿਲਰਾਜ ਸਰਕਾਰੀਆ ਵੀ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਹੈ | ਯੋਗ ਕਾਂਗਰਸੀ ਵਰਕਰਾਂ ਨੂੰ ਨਜ਼ਰ ਅੰਦਾਜ਼ ਕਰ ਕੇ ਇਨ੍ਹਾਂ ਨੇ ਅਹੁਦੇ ਲਏ ਹਨ ਜਦਕਿ ਸਾਡੇ ਪ੍ਰਵਾਰ ਦੀ ਤਾਂ ਅਤਿਵਾਦ ਵਿਰੁਧ ਵੱਡੀ ਕੁਰਬਾਨੀ ਸੀ | ਫ਼ਤਿਹ ਬਾਜਵਾ ਨੇ ਤਾਂ ਇਥੋਂ ਤਕ ਕਿਹਾ ਕਿ ਮੈਂ ਤੇ ਮੇਰੇ ਬੇਟੇ ਨੇ ਤਾਂ ਜਾਖੜ ਦੀ ਲੋਕ ਸਭਾ ਚੋਣਾਂ ਵਿਚ ਬਹੁਤ ਮਦਦ ਕੀਤੀ ਸੀ ਪਰ ਸਾਡੇ ਵਿਰੁਧ ਹੀ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਇਹ ਬਦਲਾ ਚੁਕਾਇਆ |
ਫ਼ਤਿਹ ਨੇ ਕਿਹਾ ਕਿ ਜੋ ਨੇਤਾ ਚਾਰ ਸਾਲ ਵੱਡੇ ਅਹੁਦਿਆਂ 'ਤੇ ਰਹਿ ਕੇ ਮੰਤਰੀ ਬਣ ਕੇ ਮਲਾਈ ਖਾਂਦੇ ਰਹੇ ਹੁਣ ਆਖ਼ਰੀ ਸਮੇਂ ਮੁੱਖ ਮੰਤਰੀ ਨਾਲ ਧੋਖਾ ਕਰ ਰਹੇ ਹਨ | ਇਨ੍ਹਾਂ ਨੇ ਅਤਿਵਾਦ ਵਿਰੁਧ ਲੜਨ ਵਾਲੇ ਸ਼ਹੀਦਾਂ ਦਾ ਵੀ ਅਪਮਾਨ ਕੀਤਾ ਹੈ | ਫ਼ਤਿਹਜੰਗ ਬਾਜਵਾ ਨੇ ਸੁਖਬੀਰ ਬਾਦਲ 'ਤੇ ਵੀ ਹਮਲਾਕਰਦਿਆਂ ਕਿਹਾ ਕਿ ਉਹ ਵੀ ਪ੍ਰਵਾਰਕਵਾਦ ਦੀ ਹੀ ਉਪਜ ਹਨ ਤੇ ਪੂਰੇ ਪ੍ਰਵਾਰ ਦੀਹੀ ਸਰਕਾਰ ਰਹੀ ਹੈ | ਹੁਣ ਦੂਜਿਆਂ 'ਤੇ ਉਨ੍ਹਾਂ ਨੂੰ ਤਾਂ ਉਂਗਲ ਚੁਕਣ ਦਾ ਕੋਈ ਅਧਿਕਾਰ ਨਹੀਂ | ਉਨ੍ਹਾਂ ਕਿਹਾ ਕਿ ਜਨਰਲ ਡਾਇਰ ਦੀ ਸੇਵਾ ਕਨ ਵਾਲੇ ਮਜੀਠੀਆ ਬਾਰੇ ਕਿਸ ਨੂੰ ਨਹੀਂ ਪਤਾ |