
ਰਾਹੁਲ ਦੇ ਦਫ਼ਤਰ 'ਤੇ ਹਮਲੇ ਨਾਲ ਮਾਕਪਾ ਅਤੇ ਭਾਜਪਾ ਵਿਚਾਲੇ 'ਘਿਨੌਣੀ ਸੌਦੇਬਾਜ਼ੀ' ਦਾ ਹੋਇਆ ਪਰਦਾਫਾਸ਼ : ਕਾਂਗਰਸ
ਨਵੀਂ ਦਿੱਲੀ, 24 ਜੂਨ : ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਵਿਦਿਆਰਥੀ ਵਿੰਗ ਸਟੂਡੈਂਟਜ਼ ਫ਼ੈਡਰੇਸ਼ਨ ਆਫ਼ ਇੰਡੀਆ (ਐਸਐਫਆਈ) ਦੇ ਕਾਰਕੁਨਾਂ ਵਲੋਂ ਕੇਰਲ ਦੇ ਵਾਇਨਾਡ ਵਿਚ ਰਾਹੁਲ ਗਾਂਧੀ ਦੇ ਦਫ਼ਤਰ 'ਤੇ ਕੀਤੇ ਕਥਿਤ ਹਮਲੇ ਦੀ ਕਾਂਗਰਸ ਨੇ ਸ਼ੁਕਰਵਾਰ ਨੂੰ ਨਿੰਦਾ ਕੀਤੀ | ਇਸ ਘਟਨਾ ਤੋਂ ਬਾਅਦ ਸੂਬੇ ਵਿਚ ਸੀਪੀਆਈ (ਐਮ) ਅਤੇ ਭਾਜਪਾ ਦਰਮਿਆਨ 'ਘਿਨਾਉਣੇ ਸੌਦੇਬਾਜ਼ੀ' ਦਾ ਪਰਦਾਫਾਸ਼ ਹੋ ਗਿਆ ਹੈ |
ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਇਹ ਵੀ ਦਾਅਵਾ ਕੀਤਾ ਕਿ ਜਿਥੇ ਭਾਜਪਾ ਰਾਹੁਲ ਗਾਂਧੀ ਦੇ ਖ਼ਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ ਦੀ Tਦੁਰਵਰਤੋਂ'' ਕਰ ਰਹੀ ਹੈ, ਤਾਂ ਉਸੇ ਸਮੇਂ ਸੀਪੀਆਈ (ਐਮ) ਕਾਂਗਰਸ ਦੇ ਸਾਬਕਾ ਪ੍ਰਧਾਨ ਦੇ ਦਫ਼ਤਰ 'ਤੇ ਹਮਲਾ ਕਰ ਰਹੀ ਹੈ, ਤਾਂ ਜੋ ਉਹ ਕੇਂਦਰ ਦੀ ਸੱਤਾਧਾਰੀ ਪਾਰਟੀ ਨੂੰ ਖ਼ੁਸ਼ ਕਰ ਸਕੇ |
ਉਨ੍ਹਾਂ ਟਵੀਟ ਕੀਤਾ, ''ਐਸਐਫ਼ਆਈ ਦੇ ਗੁੰਡਿਆਂ ਵਲੋਂ ਰਾਹੁਲ ਗਾਂਧੀ ਦੇ ਦਫ਼ਤਰ 'ਤੇ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ | ਕੇਰਲ ਵਿਚ ਸੀਪੀਆਈ (ਐਮ) ਜਹਿਰੀਲੀ ਭਾਜਪਾ ਨੂੰ ਖ਼ੁਸ਼ ਕਰਨ ਲਈ ਇਸ ਹੱਦ ਤਕ ਝੁੱਕ ਗਈ ਹੈ ਕਿ ਜਿਥੇ ਭਾਜਪਾ ਉਸ ਵਿਰੁਧ ਈਡੀ ਦੀ ਦੁਰਵਰਤੋਂ ਕਰ ਰਹੀ ਹੈ, ਉਥੇ ਸੀਪੀਆਈ (ਐਮ) ਕੇਰਲ ਵਿਚ ਉਨ੍ਹਾਂ ਦੇ ਦਫ਼ਤਰ ਵਿਚ ਹਿੰਸਾ ਕਰ ਰਹੀ ਹੈ | ਉਨ੍ਹਾਂ ਦੀ ਘਿਨੌਣੀ ਸੌਦੇਬਾਜੀ ਦਾ ਪਰਦਾਫਾਸ ਹੋ ਗਿਆ ਹੈ | (ਏਜੰਸੀ)