
ਉਨ੍ਹਾਂ ਨੇ ਮੀਡੀਆ ਰਾਹੀਂ ਆਪਣੇ ਬੇਟੇ ਨੂੰ ਆਪਣੇ ਬੱਚੇ ਸਮੇਤ ਘਰ ਪਰਤਣ ਦੀ ਅਪੀਲ ਵੀ ਕੀਤੀ ਹੈ
ਜਲਾਲਾਬਾਦ : ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਵਿੱਚ ਇੱਕ ਵਿਅਕਤੀ ਆਪਣੇ ਡੇਢ ਸਾਲ ਦੇ ਬੱਚੇ ਸਮੇਤ ਘਰੋਂ ਲਾਪਤਾ ਹੋ ਗਿਆ ਹੈ। ਉਸ ਦੇ ਪ੍ਰਵਾਰਕ ਮੈਂਬਰਾਂ ਦਾ ਬੁਰਾ ਹਾਲ ਹੈ। ਦਸਿਆ ਜਾ ਰਿਹਾ ਹੈ ਕਿ ਗੋਬਿੰਦ ਨਗਰੀ ਜਲਾਲਾਬਾਦ ਦੇ ਰਹਿਣ ਵਾਲੇ ਗੁਰਜੀਤ ਸਿੰਘ (25) ਨੇ ਆਪਣੀ ਪਤਨੀ ਨਾਲ ਝਗੜੇ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਸ਼ਨੀਵਾਰ ਸਵੇਰੇ ਉਹ ਬਿਨਾਂ ਦੱਸੇ ਘਰੋਂ ਚਲਾ ਗਿਆ। ਕਾਫੀ ਦੇਰ ਤੱਕ ਜਦੋਂ ਉਹ ਨਾ ਆਇਆ ਤਾਂ ਉਸ ਦੀ ਭਾਲ ਸ਼ੁਰੂ ਕੀਤੀ ਗਈ ਪਰ ਦੋਵੇਂ ਕਿਧਰੇ ਵੀ ਨਹੀਂ ਮਿਲੇ। ਰਿਸ਼ਤੇਦਾਰਾਂ ਨੇ ਉਸ ਦੇ ਫਾਜ਼ਿਲਕਾ ਵਿਚ ਹੀ ਕਿਸੇ ਥਾਂ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ।
ਦੂਜੇ ਪਾਸੇ ਲਾਪਤਾ ਗੁਰਜੀਤ ਦੇ ਪਿਤਾ ਗੋਬਿੰਦ ਨਗਰੀ ਵਾਸੀ ਜੋਗਾ ਸਿੰਘ ਨੇ ਦਸਿਆ ਕਿ ਕਾਫੀ ਭਾਲ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। ਦੋਵਾਂ ਦੀ ਮਾਵਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪ੍ਰਵਾਰ ਵੀ ਚਿੰਤਤ ਹੈ। ਸ਼ਨੀਵਾਰ ਸਵੇਰੇ ਗੁਰਜੀਤ ਸਿੰਘ ਦਾ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਝਗੜਾ ਹੋ ਗਿਆ। ਇਸ ਤੋਂ ਬਾਅਦ ਉਹ ਗੁੱਸੇ 'ਚ ਆ ਗਿਆ ਅਤੇ ਬਿਨਾਂ ਕੁਝ ਦੱਸੇ ਘਰੋਂ ਚਲਾ ਗਿਆ। ਉਹ ਆਪਣੇ ਡੇਢ ਸਾਲ ਦੇ ਬੱਚੇ ਅਮਰਜੀਤ ਨੂੰ ਵੀ ਆਪਣੇ ਨਾਲ ਲੈ ਗਿਆ।
ਜੋਗਾ ਨੇ ਦਸਿਆ ਕਿ ਉਸ ਨੂੰ ਚੰਡੀਗੜ੍ਹ ਰਹਿੰਦੇ ਗੁਰਜੀਤ ਦੇ ਇਕ ਦੋਸਤ ਦਾ ਫੋਨ ਵੀ ਆਇਆ, ਜਿਸ ਨੇ ਉਸ ਨੂੰ ਦਸਿਆ ਕਿ ਉਸ ਦੇ ਲੜਕੇ ਨੇ ਚੰਡੀਗੜ੍ਹ ਆਉਣ ਦੀ ਇੱਛਾ ਜ਼ਾਹਰ ਕੀਤੀ ਹੈ ਅਤੇ ਉਸ ਨੇ ਇਹ ਵੀ ਦਸਿਆ ਕਿ ਉਹ ਇਸ ਸਮੇਂ ਆਪਣੇ ਬੱਚੇ ਨੂੰ ਲੈ ਕੇ ਫਾਜ਼ਿਲਕਾ ਰੇਲਵੇ ਸਟੇਸ਼ਨ 'ਤੇ ਖੜ੍ਹਾ ਹੈ। ਉਹ ਤੁਰਤ ਸਟੇਸ਼ਨ 'ਤੇ ਪਹੁੰਚੇ, ਪਰ ਗੁਰਜੀਤ ਨਹੀਂ ਲੱਭਿਆ। ਇਸ ਕਾਰਨ ਉਹ ਕਾਫੀ ਪਰੇਸ਼ਾਨ ਹੋ ਰਹੇ ਹਨ। ਉਨ੍ਹਾਂ ਨੇ ਮੀਡੀਆ ਰਾਹੀਂ ਆਪਣੇ ਬੇਟੇ ਨੂੰ ਆਪਣੇ ਬੱਚੇ ਸਮੇਤ ਘਰ ਪਰਤਣ ਦੀ ਅਪੀਲ ਵੀ ਕੀਤੀ ਹੈ।