ਸਹੁੰ ਚੁਕਣ ਵਾਲੇ ਪੰਜਾਬ ਦੇ ਮੈਂਬਰਾਂ ਦੀ ਜਾਰੀ ਸੂਚੀ ਵਿਚ ਅੰਮ੍ਰਿਤਪਾਲ ਦਾ ਨਾਮ ਸ਼ਾਮਲ ਪਰ ਹਾਲੇ ਉਨ੍ਹਾਂ ਦੀ ਜੇਲ ਵਿਚੋਂ ਰਿਹਾਈ ਦਾ ਨਹੀਂ ਹੈ ਕੋਈ ਫ਼ੈਸਲਾ
Amritpal Singh: ਚੰਡੀਗੜ੍ਹ : ਕੱਲ ਸ਼ੁਰੂ ਹੋਏ ਸੰਸਦ ਦੇ ਸੈਸ਼ਨ ਵਿਚ ਆਸਾਮ ਦੀ ਡਿਬਰੂਗੜ੍ਹ ਜੇਲ ਵਿਚ ਐਨ.ਐਸ.ਏ. ਤਹਿਤ ਜੇਲ 'ਚ ਬੰਦ ਪੰਜਾਬ ਦੇ ਖਡੂਰ ਸਾਹਿਬ ਤੋਂ ਜਿੱਤੇ ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁਕਣ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ। ਪੰਜਾਬ ਦੇ ਮੈਂਬਰਾਂ ਨੂੰ 25 ਜੂਨ ਨੂੰ ਸਹੁੰ ਚੁਕਾਈ ਜਾਣੀ ਹੈ। ਜਿਨ੍ਹਾਂ ਮੈਂਬਰਾਂ ਨੂੰ ਸਹੁੰ ਚੁਕਾਈ ਜਾਣੀ ਹੈ, ਉਨ੍ਹਾਂ ਵਿਚ ਅੰਮ੍ਰਿਤਪਾਲ ਸਿੰਘ ਦਾ ਨਾਂ ਵੀ ਲੋਕ ਸਭਾ ਸਕੱਤਰੇਤ ਵਲੋਂ ਜਾਰੀ ਸੂਚੀ ਵਿਚ ਸ਼ਾਮਲ ਹੈ।
ਪਰ ਸਵਾਲ ਇਹ ਉਠਦਾ ਹੈ ਕਿ ਅੰਮ੍ਰਿਤਪਾਲ ਸਿੰਘ ਤਾਂ ਐਨ.ਐਸ.ਏ. ਤਹਿਤ ਨਜ਼ਰਬੰਦ ਹਨ ਅਤੇ ਉਨ੍ਹਾਂ ਦੀ ਰਿਹਾਈ ਦਾ ਵੀ ਅਦਾਲਤ ਜਾਂ ਸਰਕਾਰ ਵਲੋਂ ਸਹੁੰ ਚੁਕਣ ਲਈ ਕੋਈ ਫ਼ੈਸਲਾ ਹਾਲੇ ਸਾਹਮਣੇ ਨਹੀਂ ਆਇਆ। ਇਸ ਕਰ ਕੇ ਅੰਮ੍ਰਿਤਪਾਲ ਦੇ ਪੰਜਾਬ ਦੇ ਬਾਕੀ ਮੈਂਬਰਾਂ ਨਾਲ 25 ਜੂਨ ਨੂੰ ਸਹੁੰ ਚੁਕਣਾ ਸੰਭਵ ਨਹੀਂ ਲਗਦਾ, ਭਾਵੇਂ ਕਿ ਉਸਦੇ ਵਕੀਲ ਜ਼ਰੂਰ ਕੋਸ਼ਿਸ਼ ਕਰ ਰਹੇ ਹਨ ਅਤੇ ਸਰਕਾਰ ਨੂੰ ਇਕ ਅਰਜ਼ੀ ਵੀ ਸਹੁੰ ਚੁਕਣ ਲਈ ਰਿਹਾਈ ਲਈ ਦਿਤੀ ਹੋਈ ਹੈ।
ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁਕਣ ਬਾਰੇ ਕੁੱਝ ਨਹੀਂ ਪਤਾ ਪਰ ਉਨ੍ਹਾਂ ਨੂੰ ਟੀ.ਵੀ ਚੈਨਲਾਂ ਤੋਂ ਜ਼ਰੂਰ ਪਤਾ ਲੱਗ ਰਿਹਾ ਹੈ ਕਿ ਸਹੁੰ ਚੁਕਣ ਵਾਲਿਆਂ ਦੀ ਸੂਚੀ ਵਿਚ ਅੰਮ੍ਰਿਤਪਾਲ ਸਿੰਘ ਦਾ ਨਾਂ ਸ਼ਾਮਲ ਹਨ। ਉਨ੍ਹਾਂ ਦੇ ਪ੍ਰਵਾਰਕ ਮੈਂਬਰ ਵੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨ ਜੋ ਕਿ ਐਨ.ਐਸ.ਏ. ਬਾਰੇ ਬੋਰਡ ਵਿਚ ਸ਼ਾਮਲ ਹਨ, ਤੋਂ ਵੀ ਜਾਣਕਾਰੀ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਲਾਹਕਾਰ ਬੋਰਡ ਨੇ ਅੰਮ੍ਰਿਤਪਾਲ ਸਿੰਘ ਉਪਰ ਲਾਏ ਐਨ.ਐਸ.ਏ. ਦੀ ਮਿਆਦ ਇਕ ਸਾਲ ਹੋਰ ਵਧਾ ਦਿਤੀ ਹੈ। ਜੇਕਰ ਅੰਮ੍ਰਿਤਪਾਲ ਸਿੰਘ 25 ਜੂਨ ਨੂੰ ਸਹੁੰ ਨਹੀਂ ਚੁਕ ਸਕੇ ਤਾਂ ਉਹ ਅਗਲੇ ਦਿਨਾਂ ਵਿਚ ਅਦਾਲਤ ਰਾਹੀਂ ਆਗਿਆ ਪ੍ਰਾਪਤ ਕਰ ਕੇ ਸਹੁੰ ਚੁਕ ਸਕਦੇ ਹਨ।