
ਇਹ ਲੋਕ ਇਸ ਕਾਲ ਸੈਂਟਰ ਰਾਹੀਂ ਵਿਦੇਸ਼ਾਂ ਵਿੱਚ ਲੋਕਾਂ ਨੂੰ ਫਰਜ਼ੀ ਈਮੇਲ ਭੇਜਦੇ ਸਨ
Mohali News : ਮੋਹਾਲੀ ਪੁਲਿਸ ਨੇ ਇੱਕ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਵਿਦੇਸ਼ੀ ਨਾਗਰਿਕਾਂ ਨੂੰ ਠੱਗਣ ਦੇ ਆਰੋਪ ਵਿੱਚ 25 ਨੌਜਵਾਨਾਂ ਅਤੇ 12 ਲੜਕੀਆਂ ਸਮੇਤ ਕੁੱਲ 37 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਕਾਲ ਸੈਂਟਰ ਤੋਂ 45 ਲੈਪਟਾਪ, 45 ਹੈੱਡਫੋਨ, 59 ਮੋਬਾਈਲ ਹੈਂਡਸੈੱਟ ਅਤੇ ਇੱਕ ਮਰਸੀਡੀਜ਼ ਕਾਰ ਵੀ ਜ਼ਬਤ ਕੀਤੀ ਗਈ ਹੈ। ਜ਼ਬਤ ਕੀਤੇ ਗਏ 59 ਮੋਬਾਈਲ ਫ਼ੋਨਾਂ 'ਚੋਂ 23 ਕਾਲ ਸੈਂਟਰ 'ਚ ਕੰਮ ਲਈ ਵਰਤੇ ਗਏ ਸਨ ਜਦਕਿ 36 ਮੋਬਾਈਲ ਫ਼ੋਨ ਗ੍ਰਿਫ਼ਤਾਰ ਲੋਕਾਂ ਦੇ ਸਨ।
ਲੋਕਾਂ ਨੂੰ ਭੇਜਦੇ ਸੀ ਫਰਜ਼ੀ ਈਮੇਲ
ਮੋਹਾਲੀ ਦੇ ਐਸਪੀ ਡਾਕਟਰ ਸੰਦੀਪ ਗਰਗ ਨੇ ਦੱਸਿਆ ਕਿ ਇਹ ਲੋਕ ਇਸ ਕਾਲ ਸੈਂਟਰ ਰਾਹੀਂ ਵਿਦੇਸ਼ਾਂ ਵਿੱਚ ਲੋਕਾਂ ਨੂੰ ਫਰਜ਼ੀ ਈਮੇਲ ਭੇਜਦੇ ਸਨ ਅਤੇ ਪੇ ਪਾਲ ਐਪ ਰਾਹੀਂ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰਨ ਦੀ ਗੱਲ ਕਰਦੇ ਸਨ। ਇਸ ਦੇ ਲਈ ਉਹ ਲੋਕਾਂ ਨੂੰ ਗਿਫਟ ਕਾਰਡ ਖਰੀਦਣ ਦੀ ਸਲਾਹ ਦਿੰਦੇ ਸੀ। ਜਦੋਂ ਪੀੜਤ ਉਨ੍ਹਾਂ ਵੱਲੋਂ ਭੇਜਿਆ ਗਿਫਟ ਕਾਰਡ ਖਰੀਦ ਲੈਂਦਾ ਸੀ ਤਾਂ ਇਹ ਲੋਕ ਉਨ੍ਹਾਂ ਨਾਲ ਠੱਗੀ ਮਾਰਦੇ ਸਨ।
ਗੁਜਰਾਤ ਤੋਂ ਚੱਲ ਰਿਹਾ ਸੀ ਧੰਦਾ
ਮੁੱਢਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਪਤਾ ਲੱਗਾ ਹੈ ਕਿ ਇਹ ਫਰਜ਼ੀ ਕਾਲ ਸੈਂਟਰ ਦਾ ਕਾਰੋਬਾਰ ਗੁਜਰਾਤ ਤੋਂ ਚਲਾਇਆ ਜਾ ਰਿਹਾ ਸੀ। ਇਸ ਵਿੱਚ ਪੁਲੀਸ ਨੇ ਗੁਜਰਾਤ ਵਾਸੀ ਕੇਵਿਨ ਪਟੇਲ ਅਤੇ ਪਾਰਟੀਕ ਦੁਧਾਤ ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਪੁਲੀਸ ਨੇ ਇਨ੍ਹਾਂ ਸਾਰਿਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 406, 420 ਅਤੇ 120 ਬੀ ਤਹਿਤ ਕੇਸ ਦਰਜ ਕਰ ਲਿਆ ਹੈ।