
ਸੱਭ ਵਿਰੋਧੀ ਮੈਂਬਰਾਂ ਉਤੇ ਕਿਸਾਨ ਮੋਰਚੇ ਦੀ ਪੂਰੀ ਨਜ਼ਰ: ਰਾਜੇਵਾਲ
ਕਾਂਗਰਸ ਮੈਂਬਰਾਂ ਦੀ ਢਿੱਲੀ-ਮੱਠੀ ਭੂਮਿਕਾ ਨੂੰ ਲੈ ਕੇ ਮੋਰਚੇ 'ਚ ਨਾਰਾਜ਼ਗੀ
ਸੋਨੀਆ ਗਾਂਧੀ ਨੂੰ ਮੁੜ ਕੀਤੀ ਅਪੀਲ
ਚੰਡੀਗੜ੍ਹ, 24 ਜੁਲਾਈ (ਗੁਰਉਪਦੇਸ਼ ਭੁੱਲਰ): ਸੰਸਦ ਦੇ ਚੱਲ ਰਹੇ ਸੈਸ਼ਨ ਦੌਰਾਨ ਖੇਤੀ ਕਾਨੂੰਨਾਂ ਵਿਰੁਧ ਆਵਾਜ਼ ਉਠਾਉਣ ਦੇ ਮਾਮਲੇ ਨੂੰ ਲੈ ਕੇ ਕਿਸਾਨ ਮੋਰਚਾ ਹਰ ਵਿਰਧੀ ਪਾਰਟੀ ਦੇ ਮੈਂਬਰਾਂ ਵਲੋਂ ਨਿਭਾਈ ਜਾ ਰਹੀ ਭੂਮਿਕਾ 'ਤੇ ਪੂਰੀ ਨਜ਼ਰ ਰੱਖ ਰਿਹਾ ਹੈ | ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਹ ਵੇਖਣ 'ਚ ਆਇਆਹੈ ਕਿ ਕਾਂਗਰਸੀ ਮੈਂਬਰਾਂ ਵਲੋਂ ਖੇਤੀ ਬਿੱਲਾਂ ਦਾ ਮਾਮਲਾ ਜ਼ਿਆਦਾ ਸੰਜੀਦਗੀ ਨਾਲ ਨਹੀਂ ਚੁੱਕਿਆ ਜਾ ਰਿਹਾ ਅਤੇ ਪੰਜਾਬ ਦੇ ਕੁੱਝ ਕਾਂਗਰਸ ਮੈਂਬਰਾਂ ਨੂੰ ਛੱਡ ਕੇ ਕਾਂਗਰਸ ਦੇ ਹੋਰ ਸੂਬਿਆਂ ਦੇ ਮੈਂਬਰ ਹੋਰ ਮੁੱਦੇ ਉਠਾ ਰਹੇ ਹਨ ਜਦਕਿ ਮੋਰਚੇ ਨੇ ਵਿੱਪ ਜਾਰੀ ਕਰ ਕੇ ਵਿਰੋਧੀ ਪਾਰਟੀਆਂ ਨੂੰ ਕਿਸਾਨਾਂ ਦਾ ਮੁੱਦਾ ਪਹਿਲ ਦੇ ਆਧਾਰ 'ਤੇ ਉਠਾ ਕੇ ਸਦਨ ਦੀ ਕਾਰਵਾਈ ਠੱਪ ਕਰਨ ਲਈ ਕਿਹਾ ਗਿਆ ਸੀ | ਰਾਜੇਵਾਲ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ 7 ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ 'ਤੇ ਰੁਲ ਰਿਹਾ ਹੈ ਪਰ ਕਾਂਗਰਸ ਪਾਰਟੀ ਕਿਸਾਨਾਂ ਦੇ ਹਿੱਤ ਵਿਚ ਸੰਸਦ 'ਚ ਉਸ ਹਿਸਾਬ ਨਾਲ ਆਵਾਜ਼ ਨਹੀਂ ਉਠਾ ਰਹੀ, ਜਦਕਿ ਖੇਤਰੀ ਪਾਰਟੀਆਂ ਦੇ ਮੈਂਬਰ ਜ਼ੋਰਦਾਰ ਤਰੀਕੇ ਨਾਲ ਆਵਾਜ਼ ਚੁੱਕ ਰਹੇ ਹਨ | ਰਾਜੇਵਾਲ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਅਪੀਲ ਕਰਦਿਆਂ ਨਾਲ ਚੇਤਾਵਨੀ ਵੀ ਦਿਤੀ ਕਿ ਜੇ ਤੁਹਾਡੀ ਪਾਰਟੀ ਦੇ ਮੈਂਬਰਾਂ ਦੀ ਭੂਮਿਕਾ ਸੰਸਦ ਵਿਚ ਆਉਣ ਵਾਲੇ ਦਿਨਾਂ ਵਿਚ ਵੀ ਢਿੱਲੀ ਮੱਠੀ ਰਹੀ ਤਾਂ ਭਵਿੱਖ ਵਿਚ ਕਿਸਾਨ ਮੋਰਚਾ ਕਾਂਗਰਸ ਬਾਰੇ ਵੀ ਅਪਣੀ ਨੀਤੀ ਵਿਚ ਤਬਦੀਲੀ ਕਰ ਕੇ ਵਿਰੋਧ ਲਈ ਕੋਈ ਸਖ਼ਤ ਫ਼ੈਸਲਾ ਲੈਣ ਲਈ ਮਜ਼ਬੂਰ ਹੋਵੇਗਾ | ਰਾਜੇਵਾਲ ਨੇ ਕਿਹਾ ਕਿ ਸਾਡੀ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਹੀ ਅਪੀਲ ਹੈ ਕਿ ਸੰਸਦ ਵਿਚ ਸੱਭ ਤੋਂ ਪਹਿਲਾਂ ਕਿਸਾਨ ਮੁੱਦਾ ਉਠਾ ਕੇ ਖੇਤੀ ਬਿੱਲ ਵਾਪਸ ਕਰਵਾਉਣ ਲਈ ਕਾਰਵਾਈ ਅੰਦਰ ਰਹਿ ਕੇ ਹੀ ਠੱਪ ਕਰਵਾਈ ਜਾਵੇ | ਇਸ ਮਾਮਲੇ 'ਤੇ ਸਰਕਾਰ ਦੇ ਠੋਸ ਜਵਾਬ ਬਾਅਦ ਹੀ ਕੋਈ ਹੋਰ ਕੰਮ ਕੀਤਾ ਜਾਵੇ |