
ਆਮ ਆਦਮੀ ਕਲੀਨਿਕ ਸਥਾਪਤ ਕਰਨ ਦੀ ਪ੍ਰਕਿਰਿਆ ਜ਼ੋਰਾਂ 'ਤੇ
2140 ਡਾਕਟਰਾਂ ਨੇ ਨੌਕਰੀਆਂ ਲਈ ਅਰਜ਼ੀਆਂ ਦਿਤੀਆਂ
ਚੰਡੀਗੜ੍ਹ, 24 ਜੁਲਾਈ (ਭੁੱਲਰ) : ਪੰਜਾਬ ਵਿਚ 75 'ਆਮ ਆਦਮੀ ਕਲੀਨਿਕ' ਸਥਾਪਤ ਕਰਨ ਦੀ ਪ੍ਰਕਿਰਿਆ ਪੂਰੇ ਜ਼ੋਰਾਂ 'ਤੇ ਚਲ ਰਹੀ ਹੈ | ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੇ ਗਏ ਅਚਨਚੇਤ ਨਿਰੀਖਣ ਦੌਰਾਨ ਇਕ ਆਮ ਆਦਮੀ ਦੇ ਕਲੀਨਿਕ ਦੀ ਹਾਲਤ ਵੀ ਸਾਹਮਣੇ ਆਈ ਹੈ | ਜਾਣਕਾਰੀ ਅਨੁਸਾਰ ਇਨ੍ਹਾਂ ਕਲੀਨਿਕਾਂ ਵਿਚ ਸੇਵਾਵਾਂ ਦੇਣ ਲਈ 2140 ਡਾਕਟਰਾਂ ਦੀਆਂ ਅਰਜ਼ੀਆਂ ਆਈਆਂ ਹਨ | ਪਹਿਲੇ ਪੜਾਅ ਵਿਚ ਅਜਿਹੇ 75 ਆਮ ਆਦਮੀ ਕਲੀਨਿਕ ਬਣਾਏ ਜਾ ਰਹੇ ਹਨ, ਜੋ ਕਿ 15 ਅਗੱਸਤ ਨੂੰ 75ਵੇਂ ਆਜ਼ਾਦੀ ਦਿਵਸ ਮੌਕੇ ਲੋਕਾਂ ਨੂੰ ਸਮਰਪਤ ਕੀਤੇ ਜਾਣਗੇ | ਇਹ ਕਲੀਨਿਕ ਸੂਬੇ ਭਰ ਦੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਮੁਫ਼ਤ ਪ੍ਰਦਾਨ ਕਰਨਗੇ | ਆਮ ਆਦਮੀ ਕਲੀਨਿਕ ਵਿਚ ਮਰੀਜ਼ਾਂ ਦਾ ਇਲਾਜ ਕਰਨ ਅਤੇ ਬਿਮਾਰੀਆਂ ਦੀ ਜਾਂਚ ਕਰਨ ਲਈ ਐਮਬੀਬੀਐਸ ਡਾਕਟਰ, ਫ਼ਾਰਮਾਸਿਸਟ, ਨਰਸਾਂ ਸਮੇਤ 4-5 ਸਟਾਫ਼ ਹੋਵੇਗਾ |
ਇਨ੍ਹਾਂ ਕਲੀਨਿਕਾਂ ਵਿਚ ਲੋਕਾਂ ਨੂੰ ਲਗਭਗ 100 ਤਰ੍ਹਾਂ ਦੇ ਟੈਸਟਾਂ ਵਾਲੇ 41 ਪੈਕੇਜ ਮੁਫ਼ਤ ਦਿਤੇ ਜਾਣਗੇ |
ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਇਨ੍ਹਾਂ ਕਲੀਨਿਕਾਂ ਦੀ ਸਥਾਪਨਾ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਅਪਣਾ ਇਕ ਹੋਰ ਵੱਡਾ ਚੋਣ ਵਾਅਦਾ ਪੂਰਾ ਕਰੇਗੀ | ਸੂਬਾ ਸਰਕਾਰ ਦਾ ਦਾਅਵਾ ਹੈ ਕਿ ਆਮ ਆਦਮੀ ਕਲੀਨਿਕ ਪੰਜਾਬ ਦੀ ਸਿਹਤ ਪ੍ਰਣਾਲੀ ਦੇ ਬੁਨਿਆਦੀ ਢਾਂਚੇ ਵਿੱਚ ਜ਼ਬਰਦਸਤ ਸੁਧਾਰ ਲਿਆਏਗਾ | ਸੀਐਮ ਭਗਵੰਤ ਮਾਨ ਨੇ ਉਮੀਦ ਜਤਾਈ ਹੈ ਕਿ ਇਨ੍ਹਾਂ ਕਲੀਨਿਕਾਂ ਵਿਚ 90 ਫ਼ੀ ਸਦੀ ਮਰੀਜ਼ਾਂ ਦਾ ਇਲਾਜ ਹੋਵੇਗਾ, ਜਿਸ ਨਾਲ ਹਸਪਤਾਲਾਂ 'ਤੇ ਬੋਝ ਘਟੇਗਾ | ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦਾ ਇਹ ਕ੍ਰਾਂਤੀਕਾਰੀ ਕਦਮ ਸੂਬੇ ਵਿਚ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਵਿਚ ਪੂਰੀ ਤਰ੍ਹਾਂ ਸੁਧਾਰ ਕਰੇਗਾ |
ਉਨ੍ਹਾਂ ਕਿਹਾ ਕਿ ਇਹ ਸਾਰੇ 75 ਆਮ ਆਦਮੀ ਕਲੀਨਿਕ ਵੀ ਇਸੇ ਤਰਜ਼ 'ਤੇ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਡਾਕਟਰਾਂ ਦਾ ਕਮਰਾ, ਰਿਸੈਪਸ਼ਨ-ਕਮ-ਵੇਟਿੰਗ ਏਰੀਆ, ਫਾਰਮੇਸੀ ਦੇ ਨਾਲ-ਨਾਲ ਸਟਾਫ਼ ਅਤੇ ਮਰੀਜ਼ਾਂ ਲਈ ਵੱਖਰੇ ਪਖਾਨੇ ਵਰਗੀਆਂ ਬੁਨਿਆਦੀ ਸਹੂਲਤਾਂ ਹੋਣਗੀਆਂ | ਭਗਵੰਤ ਮਾਨ ਨੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿਚ ਮਰੀਜ਼ਾਂ ਲਈ ਆਨਲਾਈਨ ਅਪਾਇੰਟਮੈਂਟ ਦੀ ਸਹੂਲਤ ਵੀ ਹੋਵੇਗੀ | ਮੁੱਖ ਮੰਤਰੀ ਨੇ ਕਿਹਾ ਕਿ ਇਹ ਕਲੀਨਿਕ ਲੋਕਾਂ ਨੂੰ ਮੁਫਤ ਦਵਾਈਆਂ ਅਤੇ ਟੈਸਟਿੰਗ ਸਹੂਲਤਾਂ ਪ੍ਰਦਾਨ ਕਰਨਗੇ | ਉਨ੍ਹਾਂ ਕਿਹਾ ਕਿ ਸਿਰਫ਼ ਗੰਭੀਰ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਹੀ ਵੱਡੇ ਹਸਪਤਾਲਾਂ ਵਿਚ ਰੈਫ਼ਰ ਕੀਤਾ ਜਾਵੇਗਾ | ਭਗਵੰਤ ਮਾਨ ਨੇ ਇਹ ਵੀ ਦਸਿਆ ਕਿ ਅਗਲੇ 5 ਸਾਲਾਂ ਵਿਚ ਸੂਬੇ ਵਿਚ 16 ਨਵੇਂ ਮੈਡੀਕਲ ਕਾਲਜ ਵੀ ਸਥਾਪਤ ਕੀਤੇ ਜਾਣਗੇ |