
ਜ਼ਮਾਨਤ ਅਤੇ ਬੈਰਕ ਬਦਲਣ ਵਾਲੀ ਪਟੀਸ਼ਨ 'ਤੇ ਹੋਈ ਸੁਣਵਾਈ
Bikram Majithia: ਪੰਜਾਬ ਵਿਜੀਲੈਂਸ ਵਿਭਾਗ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫ਼ਤਾਰ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠੀਆ ਨੂੰ ਮੁਹਾਲੀ ਦੀ ਅਦਾਲਤ ਵੱਲੋਂ 2 ਅਗਸਤ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।
ਪਰ ਮਜੀਠੀਆ ਦੇ ਵਕੀਲਾਂ ਵਲੋਂ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਵਿੱਚ ਮਜੀਠੀਆ ਨੂੰ ਜਮਾਨਤ ਦੇਣ ਦੀ ਅਰਜ਼ੀ ਸਮੇਤ ਬਿਕਰਮ ਮਜੀਠੀਆ ਦੀ ਨਾਭਾ ਜੇਲ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਬੈਰਕ ਬਦਲਣ ਦੀ ਮੰਗ ਸਬੰਧੀ ਪਹਿਲਾਂ ਤੋਂ ਦਿੱਤੀ ਅਰਜ਼ੀ ’ਤੇ ਅੱਜ ਮੁੜ ਸੁਣਵਾਈ ਦੁਪਹਿਰ ਲੱਗਭਗ ਡੇਢ ਵਜੇ ਤੋਂ ਪੌਣੇ ਤਿੰਨ ਵਜੇ ਤੱਕ ਹੋਈ । ਜਿਸ ਵਿੱਚ ਮੁਹਾਲੀ ਅਦਾਲਤ ਵਲੋ ਜਮਾਨਤ ਅਰਜੀ ਤੇ ਅਗਲੀ ਸੁਣਵਾਈ 30 ਜੁਲਾਈ ਨੂੰ ਕਰਨ ਦੇ ਹੁਕਮ ਦਿੱਤੇ। ਜਦਕਿ ਜੇਲ ਬੈਰਕ ਬਦਲਣ ਦੀ ਸੁਣਵਾਈ 2 ਅਗਸਤ ਨੂੰ ਹੋਵੇਗੀ। ਜਿਸ ਦਿਨ ਮਜੀਠੀਆ ਨੂੰ ਮੁੜ ਸੁਣਵਾਈ ਮੁਹਾਲੀ ਅਦਾਲਤ ’ਚ ਪੇਸ਼ ਕੀਤਾ ਜਾਣਾ ਹੈ।
ਅੱਜ ਦੀ ਸੁਣਵਾਈ ’ਚ ਮਜੀਠੀਆ ਵਲੋਂ ਵਕੀਲ ਅਰਸ਼ਦੀਪ ਸਿੰਘ ਕਲੇਰ, ਦਮਨਵੀਰ ਸਿੰਘ ਸੋਬਤੀ ਤੇ ਹਰਨੀਤ ਸਿੰਘ ਧਨੋਆ ਪੇਸ਼ ਹੋਏ ਹਨ ਜਦਕਿ ਵਿਜੀਲੈਂਸ ਵਿਭਾਗ ਵੱਲੋਂ ਸਰਕਾਰੀ ਵਕੀਲ ਪ੍ਰੀਤ ਇੰਦਰ ਪਾਲ ਸਿੰਘ ਅਤੇ ਫੇਰੀ ਸੋਫ਼ਤ ਪੇਸ਼ ਹੋਏ ਹਨ।
ਅਰਸ਼ਦੀਪ ਸਿੰਘ ਕਲੇਰ ਨੇ ਮੀਡੀਆ ਨੂੰ ਦੱਸਿਆ ਕਿ 22 ਜੁਲਾਈ ਨੂੰ ਅਦਾਲਤ ਨੇ ਸੁਣਵਾਈ ਮੌਕੇ ਮਜੀਠੀਆ ਦੀ ਜਮਾਨਤ ਅਰਜ਼ੀ ’ਤੇ ਵਿਜੀਲੈਂਸ ਨੇ ਹੋਰ ਸਮਾਂ ਮੰਗਿਆ ਸੀ ਜਦਕਿ ਜੇਲ ਵਿੱਚ ਸੁਰੱਖਿਆ ਬਾਰੇ ਅਦਾਲਤ ਨੇ ਏਡੀਜੀਪੀ ਜੇਲ ਨੂੰ ਜੇਲ ਮੈਨੂਅਲ ਤਹਿਤ ਆਰੇਂਜ ਕੈਟੀਗਰੀ ਬਾਰੇ ਅਦਾਲਤ ਨੂੰ ਲਿਖ਼ਤੀ ਜਵਾਬ ਦੇਣ ਲਈ ਹੁਕਮ ਕੀਤੇ ਸਨ। ਜਿਸ ’ਤੇ ਸੁਣਵਾਈ ਦੌਰਾਨ ਵਿਜੀਲੈਂਸ ਬਿਊਰੋ ਦੇ AIG ਸਵਰਨਦੀਪ ਸਿੰਘ ਤੇ ਜੇਲ ਅਧਿਕਾਰੀ ਵੀ ਹਾਜ਼ਰ ਸਨ ।
ਕਲੇਰ ਨੇ ਜੇਲ ਮੈਨੁਅਲ ਦੀ ਸੈਕਸ਼ਨ 20 ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਲ ਅਧਿਕਾਰੀ ਨੇ ਢਾਈ ਵਜੇ ਬੰਦ ਲਿਫ਼ਾਫ਼ੇ ’ਚ ਜਵਾਬ ਪੇਸ਼ ਕੀਤਾ ਅਤੇ ਅਸੀ ਉਸ ਦੀ ਕਾਪੀ ਮੰਗੀ ਹੈ। ਕਲੇਰ ਨੇ ਕਿਹਾ ਕਿ ਉਧਰ ਵਿਜੀਲੈਂਸ ਨੇ ਹੋਰ ਸਮਾਂ ਮੰਗਿਆ ਹੈ ਜੋ ਕਿ ਗ਼ਲਤ ਹੈ ਕਿਉਕਿ ਪਹਿਲਾਂ ਵੀ 2 ਵਾਰ ਸਮਾਂ ਮੰਗਿਆ ਸੀ।