
ਲਾਪਤਾ ਹੋਏ ਸਰੂਪ 267 ਨਹੀਂ ਬਲਕਿ 328 ਹਨ : ਜਥੇਦਾਰ
'ਜਥੇਦਾਰਾਂ' ਨੇ ਢਡਰੀਆਂ ਵਾਲੇ ਦੇ ਪ੍ਰਚਾਰ 'ਤੇ ਲਾਈ ਰੋਕ
ਅੰਮ੍ਰਿਤਸਰ, 24 ਅਗੱਸਤ (ਪਰਮਿੰਦਰਜੀਤ): ਵੱਖ-ਵੱਖ ਪੰਥਕ ਮੁੱਦਿਆਂ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਚ ਹੋਈ ਮੀਟਿੰਗ ਵਿਚ 'ਜਥੇਦਾਰਾਂ' ਨੇ ਸਪਸ਼ਟ ਕੀਤਾ ਕਿ ਲਾਪਤਾ ਹੋਏ ਸਰੂਪ 267 ਨਹੀਂ ਬਲਕਿ 328 ਹਨ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕਰਵਾਈ ਪੜਤਾਲ ਨੇ ਦਸ ਦਿਤਾ ਹੈ ਕਿ ਸਮੇਂ-ਸਮੇਂ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪਬਲੀਕੇਸ਼ਨ ਵਿਭਾਗ ਵਲੋਂ ਇਕ ਵਾਰ 61 ਅਤੇ ਇਕ ਵਾਰ 125 ਪਾਵਨ ਸਰੂਪ ਅਣ-ਅਧਿਕਾਰਤ ਤੌਰ 'ਤੇ ਵਧੇਰੇ ਅੰਗਾਂ ਤੋਂ ਪਾਵਨ ਸਰੂਪ ਤਿਆਰ ਕਰਵਾਏ ਗਏ। ਇਹ ਸਰੂਪ ਜਾਰੀ ਕੀਤੇ ਗਏ ਵੇਸਟਿੰਗ ਅੰਗਾਂ ਲਈ ਦਿਤੇ ਵਾਧੂ ਅੰਗਾਂ ਤੋਂ ਅਣ-ਅਧਿਕਾਰਤ ਤਰੀਕੇ ਨਾਲ ਪਾਵਨ ਸਰੂਪ ਤਿਆਰ ਕਰਵਾ ਕੇ ਬਿਨਾਂ ਬਿੱਲ ਕੱਟਿਆਂ ਸੰਗਤਾਂ ਨੂੰ ਦਿਤੇ ਗਏ।
ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਵਲੋਂ ਕਰਵਾਈ ਗਈ ਪੜਤਾਲ ਅਨੁਸਾਰ (ਨਤੀਜਾ ਰੀਪੋਰਟ 10 ਪੇਜ ਅਤੇ ਮੁਕੰਮਲ ਰੀਪੋਰਟ 1000 ਪੇਜ) ਪਾਇਆ ਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸਟੋਰ ਲੈਜਰ ਵਿਚ ਠੀਕ ਢੰਗ ਨਾਲ ਦਰਜ ਨਹੀਂ ਕੀਤੇ ਗਏ। ਓਪਨ ਅਤੇ ਕਲੋਜ਼ਿੰਗ ਲੈਜਰ ਵਿਚ ਵਾਰ-ਵਾਰ ਕਟਿੰਗ ਅਤੇ ਛੇੜਛਾੜ ਕੀਤੀ ਸਾਬਤ ਹੋਈ ਹੈ। ਸਾਲ 2013-14 ਅਤੇ 2014-15 ਦੀਆਂ ਲੈਜਰਾਂ ਨੂੰ ਚੈੱਕ ਕਰਨ 'ਤੇ ਪਾਇਆ ਗਿਆ ਕਿ ਪ੍ਰੈਸ ਦੇ ਪਬਲੀਕੇਸ਼ਨ ਵਿਭਾਗ ਦੀਆਂ ਲੈਜਰਾਂ ਵਿਚ 18-08-2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਪਾਵਨ ਸਰੂਪ ਨਹੀਂ ਸਗੋਂ 328 ਪਾਵਨ ਸਰੂਪ ਘੱਟ ਸਨ। 'ਜਥੇਦਾਰਾਂ' ਵਲੋਂ ਇਸ ਰੀਪੋਰਟ ਨੂੰ ਵਿਚਾਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਇਕ ਹਫ਼ਤੇ ਦੇ ਅੰਦਰ-ਅੰਦਰ ਸ਼ਾਰਟ ਨੋਟਿਸ ਤੇ ਅੰਤਿੰ੍ਰਗ ਕਮੇਟੀ ਦੀ ਮੀਟਿੰਗ ਬੁਲਾ ਕੇ ਰੀਪੋਰਟ ਵਿਚ ਦੋਸ਼ੀ ਪਾਏ ਗਏ ਕਰਮਚਾਰੀਆਂ/ਅਧਿਕਾਰੀਆਂ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇ।
'ਜਥੇਦਾਰਾਂ' ਦੇ ਤੱਤ ਗੁਰਮਤਿ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਨੂੰ ਵੀ ਅੱਜ ਪ੍ਰਚਾਰ ਕਰਨ ਤੋਂ ਰੋਕ ਦਿਤਾ ਹੈ ਅਤੇ ਨਾਲ ਹੀ ਸੰਗਤਾਂ ਨੂੰ ਕਿਹਾ ਕਿ ਜੇਕਰ ਕੋਈ ਢਡਰੀਆਂ ਵਾਲੇ ਦਾ ਸਮਾਗਮ ਕਰਵਾਉਂਦਾ ਹੈ ਤਾਂ ਉਹ ਅਣਸੁਖਾਵੀਂ ਘਟਨਾ ਲਈ ਖ਼ੁਦ ਜ਼ਿੰਮੇਵਾਰ ਹੋਵੇਗਾ। 'ਜਥੇਦਾਰਾਂ' ਨੇ ਕਿਹਾ ਕਿ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਵਲੋਂ ਬੋਲੇ ਕਥਨਾਂ ਦੇ ਸਬੰਧ ਵਿਚ ਪੜਤਾਲ ਲਈ ਬਣਾਈ ਵਿਦਵਾਨਾਂ ਦੀ ਸਬ-ਕਮੇਟੀ ਦੀ ਪੁੱਜੀ ਰੀਪੋਰਟ ਅਨੁਸਾਰ ਇਸ ਨੇ ਗੁਰਮਤਿ ਪ੍ਰਤੀ ਕੁੱਝ ਗ਼ਲਤ ਬਿਆਨੀਆਂ ਕੀਤੀਆਂ ਹਨ ਅਤੇ ਇਹ ਇਨ੍ਹਾਂ ਕਥਨਾਂ ਸਬੰਧੀ ਸਪੱਸ਼ਟੀਕਰਨ ਦੇਣ ਤੋਂ ਵੀ ਇਨਕਾਰੀ ਹੋਇਆ ਹੈ। ਇਸ ਲਈ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਨੂੰ ਨਾ ਸੁਣਿਆ ਜਾਵੇ ਅਤੇ ਨਾ ਹੀ ਇਸ ਦੀਆਂ ਵੀਡੀਉ ਆਦਿ ਅੱਗੇ ਸ਼ੇਅਰ ਕੀਤੀਆਂ ਜਾਣ।
'ਜਥੇਦਾਰਾਂ' ਨੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਤੇ ਅਹੁਦੇਦਾਰਾਂ ਨੂੰ 18 ਸਤੰਬਰ ਨੂੰ ਅਕਾਲ ਤਖ਼ਤ ਸਾਹਿਬ 'ਤੇ ਹਾਜ਼ਰ ਹੋਣ ਦਾ ਆਦੇਸ਼ ਜਾਰੀ ਕੀਤਾ ਹੈ। ਅੱਜ ਦੀ ਮੀਟਿੰਗ ਵਿਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ , ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ ਅਤੇ ਭਾਈ ਦਿਲਬਾਗ ਸਿੰਘ ਪੰਜ ਪਿਆਰੇ ਸਿੰਘ ਹਾਜ਼ਰ ਸਨ।