
6 ਮਹੀਨਿਆਂ ਵਿਚ 250 ਦੇ ਕਰੀਬ ਮਹਿਲਾਵਾਂ ਕਾਬੂ
ਚੰਡੀਗੜ੍ਹ - ਨਸ਼ਾ ਤਸਕਰੀ ਦੇ ਮਾਮਲਿਆਂ ਵਿਚ ਔਰਤਾਂ ਦੀ ਵੱਧ ਰਹੀ ਸ਼ਮੂਲੀਅਤ ਨੇ ਜਿੱਥੇ ਪੰਜਾਬ ਪੁਲਿਸ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ, ਉੱਥੇ ਹੀ ਇਸ ਨੇ ਸਮਾਜ ਦੇ ਸੰਤੁਲਨ ਨੂੰ ਵੀ ਵਿਗਾੜਨਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਵੱਲੋਂ ਪਿਛਲੇ ਛੇ ਮਹੀਨਿਆਂ ਵਿਚ ਜਿਹੜੀਆਂ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਹਨਾਂ ਦੇ ਪਤੀ ਤੇ ਬੇਟੇ ਵੀ ਨਸ਼ਾ ਤਸਕਰੀ ਦੇ ਕਾਰੋਬਾਰ ਵਿਚ ਸ਼ਾਮਲ ਸਨ ਜਾਂ ਉਹ ਵੀ ਨਸ਼ਿਆਂ ਦਾ ਸ਼ਿਕਾਰ ਹੋ ਗਏ ਸਨ ਜਾਂ ਫੜੇ ਗਏ। ਇਨ੍ਹਾਂ ਔਰਤਾਂ ਨੇ ਵੀ ਆਪਣੇ ਗੁਜ਼ਾਰੇ ਲਈ ਇਹ ਧੰਦਾ ਸ਼ੁਰੂ ਕੀਤਾ ਹੋਇਆ ਹੈ।
ਔਰਤਾਂ ਤੋਂ ਪੁੱਛਗਿੱਛ ਕਰਨ 'ਤੇ ਖ਼ੁਲਾਸਾ ਹੋਇਆ ਕਿ ਨਸ਼ਾ ਤਸਕਰੀ ਦੌਰਾਨ ਉਹਨਾਂ ਨੂੰ ਵੀ ਨਸ਼ੇ ਦੀ ਲੱਤ ਲੱਗ ਗਈ। ਔਰਤਾਂ ਨਸ਼ਿਆਂ ਦੀ ਛੋਟੀ ਤੋਂ ਵੱਡੀ ਸਪਲਾਈ ਵਿੱਚ ਕੋਰੀਅਰ ਦੀ ਭੂਮਿਕਾ ਨਿਭਾ ਰਹੀਆਂ ਹਨ। ਪਿਛਲੇ ਛੇ ਮਹੀਨਿਆਂ ਵਿਚ ਵੱਖ-ਵੱਖ ਜ਼ਿਲ੍ਹਿਆਂ ਵਿਚ 250 ਤੋਂ ਵੱਧ ਔਰਤਾਂ ਨਸ਼ਾ ਤਸਕਰੀ ਦੇ ਕੇਸਾਂ ਵਿਚ ਫੜੀਆਂ ਗਈਆਂ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਤਸਕਰ ਲੋੜਵੰਦ ਔਰਤਾਂ ਨੂੰ ਤਸਕਰੀ ਲਈ ਵਰਤ ਰਹੇ ਹਨ ਕਿਉਂਕਿ ਔਰਤਾਂ ’ਤੇ ਸ਼ੱਕ ਦੀ ਗੁੰਜਾਇਸ਼ ਘੱਟ ਹੁੰਦੀ ਹੈ।
ਨਸ਼ੇ ਨੂੰ ਨਿਰਧਾਰਤ ਸਥਾਨ ਤੱਕ ਪਹੁੰਚਾਉਣ ਲਈ ਉਹ ਜਨਤਕ ਟਰਾਂਸਪੋਰਟ ਦੀ ਵਰਤੋਂ ਕਰਦੀਆਂ ਹਨ ਕਿਉਂਕਿ ਇਸ ਨੂੰ ਟਰੈਕ ਕਰਨ ਲਈ ਵਧੇਰੇ ਮਨੁੱਖੀ ਚੌਕਸੀ ਦੀ ਲੋੜ ਹੁੰਦੀ ਹੈ। ਪੁਲਿਸ ਮੁਤਾਬਕ ਔਰਤਾਂ ਬਹੁਤ ਹੀ ਚਲਾਕੀ ਨਾਲ ਤਸਕਰੀ ਦੀ ਖੇਡ ਨੂੰ ਅੰਜਾਮ ਦਿੰਦੀਆਂ ਹਨ। ਲੋਕ ਔਰਤਾਂ 'ਤੇ ਸ਼ੱਕ ਵੀ ਘੱਟ ਕਰਦੇ ਹਨ, ਇਸ ਲਈ ਉਹ ਆਸਾਨੀ ਨਾਲ ਤਸਕਰੀ ਕਰ ਰਹੀਆਂ ਹਨ।
ਉਹ ਨਸ਼ੇ ਨੂੰ ਆਪਣੇ ਗੁਪਤ ਅੰਗਾਂ ਵਿਚ ਲੁਕੋ ਕੇ ਰੱਖਦੀਆਂ ਹਨ, ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਅਜਿਹੇ ਕਈ ਮਾਮਲੇ ਪੁਲਿਸ ਨੇ ਫੜੇ ਹਨ। ਮਹਿਲਾ ਕਰਮਚਾਰੀਆਂ ਨੇ ਜਦੋਂ ਉਨ੍ਹਾਂ ਦੀ ਜਾਂਚ ਕੀਤੀ ਤਾਂ ਉਹਨਾਂ ਕੋਲੋਂ ਨਸ਼ਾ ਬਰਾਮਦ ਹੋਇਆ। ਇਸ ਦੇ ਨਾਲ ਹੀ ਉਹ ਆਪਣੇ ਵਾਹਨਾਂ ਦੀ ਵਰਤੋਂ ਕਰਨ ਦੀ ਬਜਾਏ ਬੱਸਾਂ ਅਤੇ ਆਟੋ ਵਿਚ ਆਉਣ-ਜਾਣ ਕਰਦੀਆਂ ਹਨ, ਜਿਸ ਕਰਕੇ ਨਾਕੇ ’ਤੇ ਉਨ੍ਹਾਂ ਦੀ ਚੈਕਿੰਗ ਨਹੀਂ ਕੀਤੀ ਜਾ ਸਕਦੀ।
ਕਿਹੜੇ ਜ਼ਿਲ੍ਹੇ 'ਚ ਕਿੰਨੀਆਂ ਔਰਤਾਂ ਕਾਬੂ
ਜ਼ਿਲ੍ਹਾ ਮਹਿਲਾਵਾਂ
ਬਰਨਾਲਾ 22
ਗੁਰਦਾਸਪੁਰ 14
ਪਟਿਆਲਾ 6
ਬਠਿੰਡਾ 12
ਤਰਨਤਾਰਨ 7
ਫਿਰੋਜ਼ਪੁਰ 19
ਫਰੀਦਕੋਟ 20
ਮੋਹਾਲੀ 18
ਸ੍ਰੀ ਅੰਮ੍ਰਿਤਸਰ ਸਾਹਿਬ 12
ਸ੍ਰੀ ਮੁਕਤਸਰ ਸਾਹਿਬ 13