
ਬਾਦਲ ਜੋੜੀ ਦਾ 'ਆਪ' ਨੇ ਕਾਲੀਆਂ ਝੰਡੀਆਂ ਨਾਲ ਕੀਤਾ ਵਿਰੋਧ
ਬਠਿੰਡਾ (ਦਿਹਾਤੀ)/ਤਲਵੰਡੀ ਸਾਬੋ, 24 ਸਤੰਬਰ (ਲੁਭਾਸ਼ ਸਿੰਗਲਾ/ਗੁਰਸੇਵਕ ਮਾਨ/ਗੁਰਪ੍ਰੀਤ ਸਿੰਘ) : ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨੀ ਦੇ ਖ਼ਾਤਮੇ ਦੇ ਮਕਸਦ ਹੇਠ ਪਾਸ ਕੀਤੇ 3 ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿਚ ਕਿਸਾਨਾਂ ਸਣੇ ਆਮ ਲੋਕ ਸੜਕਾਂ ਤੇ ਉਤਰ ਆਏ ਹਨ ਜਿਸ ਦੀ ਹਮਾਇਤ 'ਆਪ' ਪਾਰਟੀ ਵਲੋਂ ਵੀ ਕੀਤੀ ਜਾ ਰਹੀ ਹੈ। ਕੇਂਦਰ ਵਿਚ ਅਸਤੀਫ਼ਾ ਦੇਣ ਤੋਂ ਬਾਅਦ ਹਲਕਾ ਤਲਵੰਡੀ ਸਾਬੋ ਵਿਖੇ ਪੁੱਜੀ ਸਾਬਕਾ ਕੇਂਦਰੀ ਵਜੀਰ ਹਰਸਿਮਰਤ ਕੌਰ ਬਾਦਲ ਦਾ 'ਆਪ' ਦੇ ਆਗੂਆਂ ਵਲੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੀ ਅਗਵਾਈ ਵਿਚ ਕਾਲੇ ਚੋਲੇ ਪਾ ਕੇ ਅਤੇ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਦਿਆਂ ਕੇਂਦਰ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ ਗਈ। ਉਧਰ ਵਿਰੋਧ ਕਾਰਨ ਬੀਬਾ ਬਾਦਲ ਨੂੰ ਰਾਹ ਬਦਲਣਾ ਪਿਆ। ਆਪ ਵਿਧਾਇਕਾ ਪ੍ਰੋ ਬਲਜਿੰਦਰ ਕੌਰ ਅਤੇ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਲੋਕਤੰਤਰ ਦਾ ਘਾਣ ਕਰਦਿਆਂ ਲੋਕ ਸਭਾ ਅਤੇ ਰਾਜ ਸਭਾ ਵਿਚ ਬਿਲਾਂ ਨੂੰ ਪਾਸ ਕੀਤਾ ਹੈ ਜਿਸ ਦਾ 'ਆਪ' ਪਾਰਟੀ ਡੱਟਵਾਂ ਵਿਰੋਧ ਕਰਦੀ ਹੈ। ਉਨ੍ਹਾਂ ਅਕਾਲੀਆਂ ਦੇ ਚੱਕਾ ਜਾਮ ਤੇ ਵਿਅੰਗ ਕਸੱਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਤਾਰੋਪੀਡ ਕਰਨ ਲਈ ਸੁਖਬੀਰ ਬਾਦਲ ਵਲੋਂ 25 ਸਤੰਬਰ ਨੂੰ ਚੱਕਾ ਜਾਮ ਕਰਨ ਦੇ ਆਦੇਸ਼ ਦਿਤੇ ਹਨ ਜਦਕਿ ਇਸ ਬਿਲ ਦਾ ਵਿਰੋਧ ਕਰਨ ਵਾਲੀਆਂ ਧਿਰਾਂ ਵਲੋਂ ਪਹਿਲਾਂ ਹੀ ਪੰਜਾਬ ਵਿਚ ਹਰ ਥਾਂ ਤੇ ਚੱਕਾ ਜਾਮ ਕੀਤਾ ਹੈ ਫਿਰ ਬਾਦਲਾਂ ਦਾ ਇਹ ਚੱਕਾ ਜਾਮ ਕਿਉਂ? ਇਸ ਮੌਕੇ ਐਡਵੋਕੇਟ ਨਵਦੀਪ ਜੀਦਾ, ਨੀਲ ਗਰਗ ਸਣੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ।
image