
ਜੇ.ਈ.ਈ. ਮੇਨਜ਼ 'ਚ ਛਾਏ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ
537 ਵਿਦਿਆਰਥੀਆਂ ਨੇ ਕੀਤਾ ਕੁਆਲੀਫ਼ਾਈ
ਐਸ.ਏ.ਐਸ. ਨਗਰ, 24 ਸਤੰਬਰ (ਕੁਲਦੀਪ ਸਿੰਘ) : ਜੇ.ਈ.ਈ. ਮੇਨਜ਼ ਰਾਸ਼ਟਰ ਪਧਰੀ ਮੁਕਾਬਲੇ ਦੀ ਪ੍ਰਖਿਆ ਵਿਚ ਪੰਜਾਬ ਦੇ 537 ਵਿਦਿਆਰਥੀਆਂ ਨੇ ਅਗਲੇ ਪੜਾਅ ਲਈ ਕੁਆਲੀਫ਼ਾਈ ਕਰ ਲਿਆ ਹੈ। ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਸਿਖਿਆ ਸੁਧਾਰ ਮੁਹਿੰਮ ਤਹਿਤ ਕਿਰਿਆਵਾਂ 'ਤੇ ਅਧਾਰਤ ਸਿੱਖਣ-ਸਿਖਾਉਣ ਗਤੀਵਿਧੀਆਂ, ਗਣਿਤ-ਵਿਗਿਆਨ-ਸਮਾਜਕ ਸਿਖਿਆ ਮੇਲੇ, ਪਾਠਕ੍ਰਮ ਦੀਆਂ ਧਾਰਨਾਵਾਂ ਨੂੰ ਸਮਝਣ ਲਈ ਈ-ਕੰਟੈਂਟ ਦੀ ਵਰਤੋਂ, ਜਮਾਤਾਂ ਦੇ ਕਮਰਿਆਂ ਵਿਚ ਪੜ੍ਹਾਉਣ ਲਈ ਸਮਾਰਟ ਤਕਨਾਲੋਜੀ ਦੀ ਉਪਲਬਧਤਾ, ਅਧਿਆਪਕਾਂ ਦੇ ਸਿਖਲਾਈ ਪ੍ਰੋਗਰਾਮਾਂ ਨਾਲ ਵਿਦਿਆਰਥੀਆਂ ਵਿਚ ਸਿੱਖਣ ਦੀ ਰੁਚੀ ਵਿਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਪਾਠਕ੍ਰਮ ਵਿਚਲੀਆਂ ਧਾਰਨਾਵਾਂ ਨੂੰ ਬਾਲਾ ਵਰਕ ਅਤੇ ਹੋਰ ਵਿਦਿਅਕ ਮੁਕਾਬਲਿਆਂ ਰਾਹੀਂ ਵੀ ਸਮਝਾਉਣ ਲਈ ਵਿਭਾਗ ਵਲੋਂ ਕਾਰਵਾਈਆਂ ਕੀਤੀਆਂ ਗਈਆਂ ਹਨ।
ਬੁਲਾਰੇ ਨੇ ਦਸਿਆ ਕਿ ਜੇ.ਈ.ਈ. ਮੇਨਜ਼ ਵਿਚ ਅੰਮ੍ਰਿਤਸਰ ਦੇ 41, ਬਠਿੰਡਾ ਦੇ 32, ਫ਼ਾਜ਼ਿਲਕਾ ਦੇ 13, ਫ਼ਿਰੋਜ਼ਪੁਰ ਦੇ 46, ਗੁਰਦਾਸਪੁਰ ਦੇ 41, ਹੁਸ਼ਿਆਰਪੁਰ ਦੇ 13, ਜਲੰਧਰ ਦੇ 60, ਕਪੂਰਥਲਾ ਦੇ 10, ਲੁਧਿਆਣਾ ਦੇ 104, ਮੋਗਾ ਦਾ 1, ਸ੍ਰੀ ਮੁਕਤਸਰ ਸਾਹਿਬ ਦੇ 2, ਪਠਾਨਕੋਟ ਦੇ 7, ਪਟਿਆਲਾ ਦੇ 50, ਰੂਪਨਗਰ ਦੇ 8, ਸੰਗਰੂਰ ਦੇ 59, ਸ.ਅ.ਸ. ਨਗਰ ਦੇ 44 ਅਤੇ ਸਭਸ ਨਗਰ ਦੇ 6 ਵਿਦਿਆਰਥੀਆਂ ਨੇ ਕੁਆਲੀਫ਼ਾਈ ਕੀਤਾ ਹੈ।
ਸਰਕਾਰੀ ਸਕੂਲਾਂ ਵਿਚ ਗੁਣਾਤਮਿਕ ਸਿਖਿਆ ਅਤੇ ਸਿੱਖਣ ਨਤੀਜਿਆਂ ਬਾਰੇ ਮੁਲਾਂਕਣ ਕਰਨ ਲਈ ਇਸ ਸਾਲ ਪੰਜਾਬ ਪ੍ਰਾਪਤੀ ਸਰਵੇਖਣ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਕੇ ਸਾਹਮਣੇ ਆਇਆ ਹੈ। ਇਸ ਸਬੰਧੀ ਮਾਪਿਆਂ ਦਾ ਵਿਚਾਰ ਹੈ ਕਿ ਵਿਦਿਆਰਥੀਆਂ ਨੂੰ ਇਸ ਦਾ ਭਵਿਖ ਵਿਚ ਹੋਣ ਵਾਲੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਲਾਭ ਮਿਲੇਗਾ।
ਸੋਈ ਫ਼ਾਈਲ 7