
ਕਿਸਾਨਾਂ ਲਈ ਕ੍ਰਾਂਤੀਕਾਰੀ ਬਦਲਾਅ, ਵਪਾਰੀ ਘਰ ਆ ਕੇ ਖ਼ਰੀਦਣਗੇ ਫ਼ਸਲ : ਨਰਿੰਦਰ ਤੋਮਰ
ਨਵੀਂ ਦਿੱਲੀ, 24 ਸਤੰਬਰ : ਖੇਤੀ ਆਰਡੀਨੈਂਸ ਲੋਕ ਸਭਾ ਅਤੇ ਰਾਜ ਸਭ ਵਿਚ ਪਾਸ ਹੋ ਗਏ ਹਨ ਤੇ ਇਹਨਾਂ ਆਰਡੀਨੈਸਾਂ ਦਾ ਵਿਰੋਧ ਕਿਸਾਨਾਂ ਵਲੋਂ ਲਗਾਤਾਰ ਕੀਤਾ ਜਾ ਰਿਹਾ ਹੈ। ਇਸ ਵਿਰੋਧ ਵਿਚਾਲੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਇਨ੍ਹਾਂ ਬਿਲਾਂ ਨੂੰ ਲੈ ਕੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਇਨ੍ਹਾਂ ਬਿਲਾਂ ਦੇ ਲਾਗੂ ਹੋਣ ਨਾਲ ਉਨ੍ਹਾਂ ਦੇ ਜੀਵਨ 'ਚ ਕ੍ਰਾਂਤੀਕਾਰੀ ਬਦਲਾਅ ਆਵੇਗਾ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿੱਤ 'ਚ ਇਕ ਤੋਂ ਬਾਅਦ ਇਕ ਕਦਮ ਚੁਕੇ ਗਏ ਪਰ ਇਨ੍ਹਾਂ ਸਾਰਿਆਂ ਦੇ ਬਾਵਜੂਦ ਜਦੋਂ ਤਕ ਕਾਨੂੰਨਾਂ 'ਚ ਬਦਲਾਅ ਨਹੀਂ ਹੁੰਦਾ, ਉਦੋਂ ਤਕ ਕਿਸਾਨ ਦੇ ਬਾਰੇ'ਚ ਜੋ ਤਰੱਕੀ ਅਸੀਂ ਸੋਚ ਰਹੇ ਹਾਂ, ਉਹ ਸੰਭਵ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਬਿਲ ਕਿਸਾਨਾਂ ਦੇ ਉਤਪਾਦ ਅਤੇ ਸਨਅਤ ਨੂੰ ਉਤਸ਼ਾਹਤ ਕਰਨ ਅਤੇ ਸੁਖਾਲਾ ਬਣਾਉਣ ਬਾਰੇ, ਕਿਸਾਨਾਂ ਦੇ ਸਸ਼ਕਤੀਕਰਨ, ਰਾਖੀ ਲਈ ਕੀਮਤਾਂ ਦੇ ਭਰੋਸੇ ਅਤੇ ਖੇਤੀਬਾੜੀ ਸੇਵਾਵਾਂ ਦੇ ਬਾਰੇ ਹਨ। ਤੋਮਰ ਨੇ ਕਿਹਾ ਕਿ ਇਹ ਬਿਲ ਯਕੀਨੀ ਤੌਰ 'ਤੇ ਕਿਸਾਨ, ਜਿਹੜਾ ਕਿ ਏ. ਪੀ. ਐਮ. ਸੀ. ਦੀਆਂ ਜ਼ੰਜੀਰਾਂ 'ਚ ਜਕੜਿਆ ਹੋਇਆ ਸੀ, ਉਨ੍ਹਾਂ ਨੂੰ ਮੁਕਤ ਕਰਾਉਣ ਵਾਲੇ ਹਨ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਤੁਸੀਂ ਚੋਣਾਂ ਵੇਲੇ ਅਪਣੇ ਚੋਣ ਮਨੋਰਥ ਪੱਤਰ 'ਚ ਕਿਉਂ ਕਿਹਾ ਸੀ ਕਿ ਤੁਸੀਂ ਏ. ਪੀ. ਐਮ. ਸੀ. ਐਕਟ ਨੂੰ ਬਦਲ ਦਿਉਗੇ, ਟੈਕਸ ਨੂੰ ਖ਼ਤਮ ਕਰ ਦਿਉਗੇ ਅਤੇ ਅੰਤਰਰਾਜੀ ਵਪਾਰ ਨੂੰ ਉਤਸ਼ਾਹਤ ਕਰੋਗੇ।
ਉਨ੍ਹਾਂ ਕਿਹਾ ਕਿ ਕਿਸਾਨ ਅਪਣੇ ਅਧਿਕਾਰਾਂ ਬਾਰੇ ਜਾਣਦੇ ਹਨ ਤੇ ਸੱਭ ਕੁੱਝ ਸਮਝਦੇ ਹਨ ਕਿ ਉਨ੍ਹਾਂ ਦੀ ਫ਼ਸਲ ਕੌਣ ਖ਼ਰੀਦੇਗਾ। ਜਿਵੇਂ ਕਿ ਵਪਾਰੀਆਂ ਨੂੰ ਫ਼ਸਲ ਖ਼ਰੀਦਣਾ ਤੇ ਜਦੋਂ ਫ਼ਸਲ ਮੰਡੀਆਂ ਤਕ ਨਹੀਂ ਆਵੇਗੀ ਤਾਂ ਵਪਾਰੀਆਂ ਨੂੰ ਕਿਸਾਨਾਂ ਦੇ ਪਿੰਡ ਦਾ ਦੌਰਾ ਕਰਨ ਤੇ ਕਿਸਾਨਾਂ ਨਾਲ ਵਪਾਰਕ ਸਬੰਧ ਬਣਾਉਣ ਤੇ ਕਿਸਾਨਾਂ ਦੀ ਫ਼ਸਲ ਉਨ੍ਹਾਂ ਦੇ ਘਰ ਜਾ ਕੇ ਖ਼ਰੀਦਣ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਪਾਰੀ ਇਕ ਪਿੰਡ ਵਿਚ ਪਹੁੰਚਦਾ ਹੈ ਤਾਂ ਪਿੰਡ ਦੇ ਸਾਰੇ ਲੋਕ ਅਪਣੀ ਫ਼ਸਲ ਵੇਚਣ ਲਈ ਇਕ ਸਥਾਨ 'ਤੇ ਇਕੱਠੇ ਹੋਣਗੇ। ਵਪਾਰੀ ਕਿਸਾਨਾਂ ਨਾਲ ਚਰਚਾ ਕਰਨ ਤੋਂ ਬਾਅਦ ਖ਼ਰੀਦ ਦੀ ਦਰ ਤੈਅ ਕਰੇਗਾ। ਕਿਸਾਨ ਨੂੰ ਅਪਣੀ ਫ਼ਸਲ ਦੀ ਉਪਜ ਵੇਚਣ ਲਈ ਕਿਧਰੇ ਹੋਰ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। (ਏਜੰਸੀ)