
ਕਿਸਾਨਾਂ ਨੂੰ ਹਮਾਇਤ ਦੇਣ ਲਈ ਨਡਾਲਾ ਵਿਖੇ ਮੋਰਚੇ ਵਿਚ ਪਹੁੰਚੇ ਸੁਖਪਾਲ ਸਿੰਘ ਖਹਿਰਾ
ਕਪੂਰਥਲਾ: ਕਿਸਾਨ ਵਿਰੋਧੀ ਬਿਲਾਂ ਖਿਲਾਫ ਜਾਰੀ ਪ੍ਰਦਰਸ਼ਨ ਦੌਰਾਨ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਕਿਸਾਨਾਂ ਨੂੰ ਹਮਾਇਤ ਦੇਣ ਲਈ ਨਡਾਲਾ ਵਿਖੇ ਮੋਰਚੇ ਵਿਚ ਪਹੁੰਚੇ। ਇਸ ਦੌਰਾਨ ਸੁਖਪਾਲ ਖਹਿਰਾ ਨੇ ਕਿਹਾ ਕਿ 25 ਸਤੰਬਰ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਵਿਚ ਅੱਜ ਸਾਰੀਆਂ ਜਥੇਬੰਦੀਆਂ ਤੇ ਹੋਰ ਕਿਸਾਨ ਸਮਰਥਕਾਂ ਨੇ ਇਕੱਠੇ ਹੋ ਕੇ ਮੋਦੀ ਸਰਕਾਰ ਨੂੰ ਇਹ ਸੁਨੇਹਾ ਦੇ ਦਿੱਤਾ ਹੈ ਕਿ ਪੰਜਾਬ ਵਿਚ ਹਰ ਵਰਗ ਦੇ ਲੋਕ ਇਕਜੁੱਟ ਹਨ।
Sukhpal Singh Khaira
ਉਹਨਾਂ ਕਿਹਾ ਪਿਛਲੇ ਕਈ ਦਿਨਾਂ ਤੋਂ ਕਿਸਾਨ ਵੀਰਾਂ ਨੇ ਮੋਦੀ ਸਾਬ੍ਹ ਨੂੰ ਸੁਨੇਹਾ ਦਿੱਤਾ ਕਿ ਉਹਨਾਂ ‘ਤੇ ਕੋਈ ਵੀ ਕਾਨੂੰਨ ਧੱਕੇ ਨਾਲ ਨਹੀਂ ਥੋਪਿਆ ਜਾ ਸਕਦਾ। ਖਹਿਰਾ ਨੇ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਦਾ ਕਿਸਾਨ ਪਰਾਲੀ ਸਾੜਦਾ ਹੈ ਤਾਂ ਉਸ ਦਾ ਧੂੰਆਂ ਤਾਂ ਦਿੱਲੀ ਨੂੰ ਬਹੁਤ ਛੇਤੀ ਦਿਖ ਜਾਂਦਾ ਹੈ ਪਰ ਮੋਦੀ ਸਰਕਾਰ ਨੂੰ ਪਿਛਲੇ 10-12 ਦਿਨਾਂ ਤੋਂ ਪੰਜਾਬ ਵਿਚ ਸੜਕਾਂ, ਰੇਲ ਪਟੜੀਆਂ ਤੇ ਮੰਡੀਆਂ ਵਿਚ ਬੈਠਾ ਕਿਸਾਨ ਨਹੀਂ ਦਿਖ ਰਿਹਾ, ਜੋ ਕੋਰੋਨਾ ਮਹਾਂਮਾਰੀ ਤੇ ਧੁੱਪ ਨੂੰ ਭੁੱਲ ਕੇ ਤੇ ਅਪਣੇ ਕਾਰੋਬਾਰ ਛੱਡ ਕੇ ਧਰਨੇ ਦੇ ਰਿਹਾ ਹੈ।
Farmer Protest
ਉਹਨਾਂ ਕਿਹਾ ਪੰਜਾਬ ਨਾਲ ਵਿਤਕਰੇ ਦੀ ਦਾਸਤਾਂ ਕੋਈ ਅੱਜ ਦੀ ਨਹੀਂ ਹੈ, ਪੰਜਾਬ ਨੂੰ ਕਾਫ਼ੀ ਸਮੇਂ ਤੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਦਕਿ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਤੇ ਸਿੱਖਾਂ ਨੇ ਦਿੱਤੀਆਂ ਹਨ।
Narendra Modi
ਉਹਨਾਂ ਕਿਹਾ ਦੇਸ਼ ਦੀ ਵੰਡ ਸਮੇਂ ਪੰਜਾਬੀਆਂ ਨੇ ਭਾਰਤ ਵਿਚ ਰਹਿਣ ਦਾ ਫੈਸਲਾ ਕੀਤਾ ਪਰ ਕੇਂਦਰ ਸਰਕਾਰ ਦੀ ਇਹ ਪੁਰਾਣੀ ਨੀਤੀ ਹੈ ਕਿ ਉਸ ਨੇ ਪੰਜਾਬ ਨਾਲ ਫਰਕ ਕੀਤਾ ਤੇ ਪੰਜਾਬ ਦੇ ਪਾਣੀਆਂ ਦਾ ਫੈਸਲਾ ਵੀ ਕੇਂਦਰ ਨੇ ਆਪ ਹੀ ਕਰ ਦਿੱਤਾ। ਉਹਨਾਂ ਕਿਹਾ ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਪੰਜਾਬ ਦੀ ਧਰਤੀ ਬੰਜਰ ਹੋ ਜਾਵੇਗੀ।