
ਜੀ.ਐਸ.ਟੀ. ਦੀ ਅਦਾਇਗੀ ਵਿਚ ਪੰਜਾਬ ਨਾਲ ਕੋਈ ਭੇਦਭਾਵ ਨਹੀਂ : ਸੀਤਾਰਮਨ
ਕਿਹਾ, ਡੀਜ਼ਲ ਪਟਰੌਲ ਜੀਐਸਟੀ ਦੇ ਘੇਰੇ ਵਿਚ ਲਿਆਉਣ ਲਈ ਨਵੀਂ ਸੋਧ ਦੀ ਲੋੜ ਨਹੀਂ
ਚੰਡੀਗੜ੍ਹ, 24 ਸਤੰਬਰ (ਗੁਰਉਪਦੇਸ਼ ਭੁੱਲਰ, ਨਰਿੰਦਰ ਸਿੰਘ ਝਾਂਮਪੁਰ): ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਜੀ.ਐਸ.ਟੀ. ਦੀ ਅਦਾਇਗੀ ਦੇ ਮਾਮਲੇ ਵਿਚ ਪੰਜਾਬ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾ ਰਿਹਾ |
ਅੱਜ ਇਥੇ ਹਰਿਆਣਾ ਭਾਜਪਾ ਦੇ ਪ੍ਰਧਾਨ ਓ.ਪੀ. ਧਨਖੜ ਨਾਲ ਹਰਿਆਣਾ ਐਮ.ਐਲ.ਏ. ਫਲੈਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਸ ਸਬੰਧੀ ਪੁਛੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਹੇ ਅਲੁਸਾਰ ਬਕਾਇਆ ਜੀ.ਐਸ.ਟੀ. ਰਾਸ਼ੀ ਜਾਰੀ ਕੀਤੀ ਗਈ ਹੈ ਅਤੇ ਪਿਛਲੇ ਬਕਾਏ ਵੀ ਜਾਰੀ ਕੀਤੇ ਗਏ |
ਉਨ੍ਹਾਂ ਰਾਜਾਂ ਨੂੰ ਵਿਸ਼ੇਸ਼ ਸਹਾਇਤਾ ਬਾਰੇ ਕਿਹਾ ਕਿ ਸੂਬਿਆਂ ਦੀ ਸਥਿਤੀ ਦੇ ਹਿਸਾਬ ਨਾਲ ਫ਼ੰਡ ਦਿਤੇ ਜਾਂਦੇ ਹਨ | ਪਟਰੌਲ ਅਤੇ ਡੀਜ਼ਲ ਨੂੰ ਜੀ.ਐਸ.ਟੀ. ਦੇ ਘੇਰੇ ਵਿਚ ਲਿਆਉਣ ਬਾਰੇ ਉਨ੍ਹਾਂ ਕਿਹਾ ਕਿ ਇਹ ਤਾਂ ਜੀ.ਐਸ.ਟੀ. ਦੇ ਮੁਢਲੇ ਨਿਯਮਾਂ ਵਿਚ ਹੀ ਸ਼ਾਮਲ ਹੈ ਅਤੇ ਇਸ ਲਈ ਕੋਈ ਨਵੀਂ ਸੋਧ ਕਰਨ ਦੀ ਲੋੜ ਨਹੀਂ | ਉਚਿਤ ਸਮੇਂ ਵਿਚ ਇਸ ਬਾਰੇ ਫ਼ੈਸਲਾ ਲਾਗੂ ਕੀਤਾ ਜਾਵੇਗਾ | ਕੇਂਦਰ ਤੇ ਰਾਜਾਂ ਦੀ ਸਲਾਹ ਨਾਲ ਜੀ.ਐਸ.ਟੀ ਕੌਂਸਲ ਇਸ ਬਾਰੇ ਕਾਰਵਾਈ ਕਰੇਗੀ ਅਤੇ ਪਟਰੌਲ ਤੇ ਡੀਜ਼ਲ ਰੇਟ ਤੈਅ ਹੋਣਗੇ | ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਦੀ ਅਗਵਾਈ ਹੇਠ ਕੰਮਾਂ ਵਿਚ ਮਨਜ਼ੂਰੀਆਂ ਦਾ ਸਿਸਟਮ ਸੁਖਾਲਾ ਕੀਤਾ ਗਿਆ ਹੈ | ਸਿਸਟਮ ਨੂੰ ਪਾਰਦਰਸ਼ੀ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ |
ਨਿਰਮਲਾ ਸੀਤਾਰਮਣ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਜ਼ਰੂਰਤਮੰਦਾਂ ਨੂੰ ਮੁਫ਼ਤ ਰਾਸ਼ਨ ਅਤੇ ਭੋਜਨ ਦੇ ਨਾਲ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਤਿੰਨ ਸਿਲੇਂਡਰ ਮੁਫ਼ਤ ਦਿਤੇ ਗਏ | ਡੀਬੀਟੀ ਪ੍ਰਣਾਲੀ ਰਾਹੀਂ ਨਕਲੀ ਬੈਂਕ ਖਾਤਿਆਂ ਦਾ ਪਤਾ ਲਗਿਆ | ਇਸ ਤੋਂ ਇਲਾਵਾ, ਬਿਜਲੀ ਖੇਤਰ ਵਿਚ ਵੀ ਕਈ ਵੱਡੇ ਸੁਧਾਰ ਲਿਆਏ ਗਏ ਹਨ |