
ਅਮਰੀਕਾ 'ਚ ਰਹਿ ਰਹੇ ਭਾਰਤੀ ਮੋਦੀ ਦੇ ਪ੍ਰੋਗਰਾਮ ਦੌਰਾਨ ਕਰਨ ਵਿਰੋਧ ਪ੍ਰਦਰਸ਼ਨ : ਰਾਕੇਸ਼ ਟਿਕੈਤ
ਮੋਦੀ ਨਾਲ ਮੁਲਾਕਾਤ ਦੌਰਾਨ ਜੋਅ ਬਾਈਡਨ ਭਾਰਤੀ ਕਿਸਾਨਾਂ ਦੀਆਂ ਚਿੰਤਾਵਾਂ 'ਤੇ ਦੇਣ ਧਿਆਨ
ਗਾਜੀਆਬਾਦ, 24 ਸਤੰਬਰ : ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਆਗੂ ਰਾਕੇਸ਼ ਟਿਕੈਤ ਨੇ ਅਮਰੀਕਾ 'ਚ ਰਹਿ ਰਹੇ ਭਾਰਤੀਆਂ ਨੂੰ ਸ਼ੁਕਰਵਾਰ ਨੂੰ ਕਿਹਾ ਕਿ ਉਹ 10 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ 'ਚ ਸਨਿਚਰਵਾਰ ਨੂੰ ਨਿਊਯਾਰਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਦੌਰਾਨ ਵਿਰੋਧ ਪ੍ਰਦਰਸ਼ਨ ਕਰਨ | ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੂੰ ਵੀ ਅਪੀਲ ਕੀਤੀ ਕਿ ਉਹ ਮੋਦੀ ਨਾਲ ਮੁਲਾਕਾਤ ਦੌਰਾਨ ਭਾਰਤੀ ਕਿਸਾਨਾਂ ਦੀਆਂ ਚਿੰਤਾਵਾਂ ਵਲ ਧਿਆਨ ਦੇਣ | ਅਮਰੀਕਾ 'ਚ ਭਾਰਤੀਆਂ ਨੂੰ ਸਮਰਥਨ ਕਰਨ ਦੀ ਅਪੀਲ ਕਰਦੇ ਹੋਏ ਟਿਕੈਤ ਨੇ ਦਾਅਵਾ ਕੀਤਾ ਕਿ ਵਿਵਾਦਿਤ ਨਵੇਂ ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ਦੌਰਾਨ 750 ਤੋਂ ਵੱਧ ਕਿਸਾਨ ਅਪਣੀ ਜਾਨ ਗੁਆ ਚੁਕੇ ਹਨ ਪਰ ਕੇਂਦਰ ਹਾਲੇ ਵੀ ਕਾਨੂੰਨਾਂ 'ਤੇ ਮੁੜ ਵਿਚਾਰ ਕਰਨ ਲਈ ਤਿਆਰ ਨਹੀਂ |
ਮੋਦੀ ਬੁਧਵਾਰ ਨੂੰ ਤਿੰਨ ਦਿਨਾ ਅਧਿਕਾਰਤ ਯਾਤਰਾ 'ਤੇ ਅਮਰੀਕਾ ਪਹੁੰਚੇ, ਜਿਥੇ ਉਹ ਬਾਈਡਨ ਸਮੇਤ ਹੋਰ ਨੇਤਾਵਾਂ ਨਾਲ ਬੈਠਕ ਕਰਨਗੇ | ਮੋਦੀ ਸਨਿਚਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਸੈਸ਼ਨ ਨੂੰ ਸੰਬੋਧਨ ਕਰਨਗੇ | ਟਿਕੈਤ ਨੇ ਇਕ ਵੀਡੀਉ ਸੰਦੇਸ਼ 'ਚ ਕਿਹਾ,''ਅਸੀਂ ਅਮਰੀਕਾ 'ਚ ਰਹਿਣ ਵਾਲੇ ਸਾਰੇ ਭਾਰਤੀਆਂ ਨੂੰ ਅਪੀਲ ਕਰਦੇ ਹਾਂ | ਭਾਰਤ ਦੇ ਪ੍ਰਧਾਨ ਮੰਤਰੀ 25 ਸਤੰਬਰ ਨੂੰ ਨਿਊਯਾਰਕ 'ਚ ਇਕ ਪ੍ਰੋਗਰਾਮ ਲਈ ਉੱਥੇ ਹੋਣਗੇ | ਅਮਰੀਕਾ 'ਚ ਸਾਰੇ ਭਾਰਤੀਆਂ ਨੂੰ ਅਪਣੇ ਵਾਹਨਾਂ 'ਤੇ 'ਕਿਸਾਨਾਂ' ਦਾ ਝੰਡਾ ਅਤੇ 'ਨੋ ਫਾਰਮਰ ਨੋ ਫੂਡ' ਦਾ ਬੈਨਰ ਲਗਾਉਣਾ ਚਾਹੀਦਾ ਅਤੇ ਕਿਸਾਨਾਂ ਦੇ ਸਮਰਥਨ 'ਚ ਅਪਣਾ ਵਿਰੋਧ ਦਰਜ ਕਰਵਾਉਣਾ ਚਾਹੀਦਾ |'' (ਏਜੰਸੀ)