
ਪੀੜਤ ਪਰਿਵਾਰਨ ਨੇ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੂੰ ਇਸ ਸਬੰਧੀ ਦਿੱਤੀ ਸ਼ਿਕਾਇਤ
ਜਲੰਧਰ: ਵਿਦੇਸ਼ ਭੇਜਣ ਦੇ ਨਾਂਅ ਤੇ ਲੋਕਾਂ ਨਾਲ ਕੀਤੀ ਜਾ ਰਹੀ ਠੱਗੀ ਦੇ ਮਾਮਲੇ ਦਿਨ-ਬ-ਦਿਨ ਵੱਧਦੇ ਜਾ ਰਹੇ ਹਨ। ਏਜੰਟਾਂ ਨੇ ਕੈਨੇਡਾ ਵਿਚ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦੇ ਕੇ ਕਰਿਆਨਾ ਦੁਕਾਨ ਮਾਲਕ ਕੋਲੋਂ 17 ਲੱਖ ਰੁਪਏ ਠੱਗਣ ਵਾਲੇ ਦਿੱਲੀ ਦੇ ਟਰੈਵਲ ਏਜੰਟ ਖ਼ਿਲਾਫ਼ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ ਹੈ।
ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਨ੍ਹਾਂ ਲੋਨ ਲੈ ਕੇ ਬੇਟੇ ਨੂੰ ਵਿਦੇਸ਼ ਭੇਜਣਾ ਸੀ ਪਰ ਕਾਫੀ ਸਮਾਂ ਬੀਤਣ ਤੋਂ ਬਾਅਦ ਵੀ ਏਜੰਟ ਨੇ ਵੀਜ਼ਾ ਨਹੀਂ ਲੁਆਇਆ ਅਤੇ ਹੁਣ ਜਦੋਂ ਪੈਸੇ ਮੰਗਣ ਜਾਂਦੇ ਹਨ ਤਾਂ ਉਹ ਉਨ੍ਹਾਂ ਨੂੰ ਝੂਠੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦੇ ਰਿਹਾ ਹੈ। ਧਮਕੀ ਮਿਲਣ ਤੋਂ ਬਾਅਦ ਪੀੜਤ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਹੁਣ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਦਿੰਦਿਆਂ ਰਾਜ ਕੁਮਾਰ ਪੁੱਤਰ ਦੇਸਰਾਜ ਨਿਵਾਸੀ ਗਾਂਧੀ ਕੈਂਪ ਨੇ ਦੱਸਿਆ ਕਿ ਕਿਸੇ ਜਾਣਕਾਰ ਜ਼ਰੀਏ ਉਨ੍ਹਾਂ ਦੀ ਵੈਸਟ ਦਿੱਲੀ ਵਿਚ ਸਥਿਤ ਏਜੰਟ ਨਾਲ ਗੱਲ ਹੋਈ ਸੀ। ਅਪ੍ਰੈਲ 2021 ਵਿਚ ਏਜੰਟ ਜਲੰਧਰ ਆਇਆ। ਰਾਜ ਕੁਮਾਰ ਨੇ ਉਸ ਨੂੰ ਖੁਦ ਦੇ, ਪਤਨੀ ਅਤੇ ਬੇਟੇ ਸਮੇਤ ਕੈਨੇਡਾ ਜਾਣ ਦੀ ਗੱਲ ਕਹੀ ਪਰ ਏਜੰਟ ਨੇ ਪਹਿਲਾਂ ਉਨ੍ਹਾਂ ਦੇ ਬੇਟੇ ਦੀ ਫਾਈਲ ਲਾਉਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਬੇਟੇ ਨੂੰ ਵਿਦੇਸ਼ ਭੇਜਣ ਤੋਂ ਬਾਅਦ ਉਨ੍ਹਾਂ ਵੀ ਵਰਕ ਪਰਮਿਟ ’ਤੇ ਭੇਜ ਦਿੱਤਾ ਜਾਵੇਗਾ।
ਏਜੰਟ ਨੇ ਬੇਟੇ ਨੂੰ ਕੈਨੇਡਾ ਭੇਜਣ ਲਈ 17 ਲੱਖ ਰੁਪਏ ਦਾ ਖਰਚ ਆਉਣ ਦੀ ਗੱਲ ਕਹੀ। ਏਜੰਟ ਦੀਆਂ ਗੱਲਾਂ ’ਚ ਆ ਕੇ ਉਨ੍ਹਾਂ 3 ਲੱਖ ਰੁਪਏ ਐਡਵਾਂਸ ਪ੍ਰੋਸੈਸਿੰਗ ਫੀਸ ਦੇ ਨਾਂ ’ਤੇ ਦਿੱਤੇ ਅਤੇ ਸਾਰੇ ਦਸਤਾਵੇਜ਼ ਵੀ ਦੇ ਦਿੱਤੇ। ਰਾਜ ਕੁਮਾਰ ਨੇ ਕਿਹਾ ਕਿ ਏਜੰਟ ਨੇ ਉਨ੍ਹਾਂ ਨੂੰ ਝਾਂਸੇ ਵਿਚ ਲੈਣ ਲਈ ਜਲਦ ਤੋਂ ਜਲਦ ਹੋਰ ਪੈਸਿਆਂ ਦਾ ਇੰਤਜ਼ਾਮ ਕਰਨ ਨੂੰ ਕਿਹਾ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਬੇਟੇ ਦਾ ਵੀਜ਼ਾ ਜਲਦ ਆ ਜਾਵੇਗਾ।
ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਬੈਂਕ ਤੋਂ 14 ਲੱਖ ਰੁਪਏ ਦਾ ਲੋਨ ਅਪਲਾਈ ਕਰ ਦਿੱਤਾ। ਕੁਝ ਸਮੇਂ ਬਾਅਦ ਏਜੰਟ ਨੇ ਉਨ੍ਹਾਂ ਕੋਲੋਂ 14 ਲੱਖ ਰੁਪਏ ਮੰਗਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦਾ ਲੋਨ ਪਾਸ ਹੋਇਆ ਤਾਂ ਉਨ੍ਹਾਂ ਏਜੰਟ ਦੇ ਖਾਤੇ ਵਿਚ 14 ਲੱਖ ਰੁਪਏ ਟਰਾਂਸਫਰ ਕਰ ਦਿੱਤੇ। 2 ਮਹੀਨੇ ਦਾ ਸਮਾਂ ਬੀਤਣ ਤੋਂ ਬਾਅਦ ਜਦੋਂ ਉਨ੍ਹਾਂ ਏਜੰਟ ਕੋਲੋਂ ਫਾਈਲ ਬਾਰੇ ਪੁੱਛਿਆ ਤਾਂ ਉਹ ਟਾਲ-ਮਟੋਲ ਕਰਨ ਲੱਗਾ। ਸ਼ੱਕ ਪੈਣ ’ਤੇ ਉਹ ਦਿੱਲੀ ਗਏ ਤਾਂ ਏਜੰਟ ਨੇ ਉਨ੍ਹਾਂ ਨੂੰ ਫਿਰ ਝਾਂਸੇ ਵਿਚ ਲੈ ਕੇ ਭਰੋਸਾ ਦਿੱਤਾ ਕਿ ਕੁਝ ਦਿਨਾਂ ਅੰਦਰ ਉਨ੍ਹਾਂ ਦੇ ਬੇਟੇ ਦਾ ਵੀਜ਼ਾ ਆ ਜਾਵੇਗਾ।
ਕਾਫ਼ੀ ਸਮਾਂ ਬੀਤਣ ਤੋਂ ਬਾਅਦ ਵੀ ਵੀਜ਼ਾ ਨਾ ਆਇਆ ਤਾਂ ਉਹ ਆਪਣੀ ਪਤਨੀ ਸਮੇਤ 2022 ਵਿਚ ਵੈਸਟ ਦਿੱਲੀ ਏਜੰਟ ਕੋਲ ਗਏ ਪਰ ਉਸ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਤੇ ਝੂਠੇ ਕੇਸ ਵਿਚ ਫਸਾਉਣ ਦੀ ਧਮਕੀ ਦੇ ਕੇ ਵਾਪਸ ਭੇਜ ਦਿੱਤਾ। ਰਾਜ ਕੁਮਾਰ ਪਤਨੀ ਸਮੇਤ ਨਿਰਾਸ਼ ਹੋ ਕੇ ਵਾਪਸ ਆ ਗਏ ਅਤੇ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ। ਸੀ. ਪੀ. ਨੇ ਇਸ ਮਾਮਲੇ ਦੀ ਜਾਂਚ ਏ. ਸੀ. ਪੀ. ਹਰਿੰਦਰ ਸਿੰਘ ਗਿੱਲ ਨੂੰ ਮਾਰਕ ਕਰ ਦਿੱਤੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।