
NHAI ਅਧਿਕਾਰੀਆਂ ਨੇ ਐਤਵਾਰ ਸ਼ਾਮ ਨੂੰ ਪੁਲ ਦਾ ਮੁਆਇਨਾ ਕੀਤਾ ਅਤੇ ਪ੍ਰਸ਼ਾਸਨ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ।
ਪਠਾਨਕੋਟ: ਭਾਰੀ ਬਾਰਿਸ਼ ਦੇ ਚਲਦਿਆਂ ਪੰਜਾਬ-ਹਿਮਾਚਲ ਨੂੰ ਜੋੜਨ ਵਾਲੇ ਚੱਕੀ ਪੁਲ ਨੂੰ ਪਠਾਨਕੋਟ ਅਤੇ ਕਾਂਗੜਾ ਪ੍ਰਸ਼ਾਸਨ ਵੱਲੋਂ ਆਪਸੀ ਸਹਿਮਤੀ ਤੋਂ ਬਾਅਦ ਐਤਵਾਰ ਨੂੰ ਇਕ ਵਾਰ ਫਿਰ ਬੰਦ ਕਰ ਦਿੱਤਾ ਗਿਆ। ਦੱਸ ਦੇਈਏ ਕਿ ਇਸ ਪੁਲ ਨੂੰ ਕਰੀਬ 8 ਦਿਨ ਪਹਿਲਾਂ ਹੀ ਖੋਲ੍ਹਿਆ ਗਿਆ ਸੀ।
ਕਾਂਗੜਾ ਜ਼ਿਲ੍ਹਾ ਪ੍ਰਸ਼ਾਸਨ ਨੇ NHAI ਦੀ ਰਿਪੋਰਟ ਦੇ ਆਧਾਰ 'ਤੇ ਹਿਮਾਚਲ ਅਤੇ ਪੰਜਾਬ ਨੂੰ ਜੋੜਨ ਵਾਲੇ ਚੱਕੀ ਰੇਲਵੇ ਪੁਲ 'ਤੇ ਆਵਾਜਾਈ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਪਿਛਲੇ 24 ਘੰਟਿਆਂ ਤੋਂ ਹੋ ਰਹੀ ਭਾਰੀ ਬਰਸਾਤ ਕਾਰਨ ਚੱਕੀ ਪੁਲ ਨੂੰ ਬਚਾਉਣ ਲਈ ਬਣਾਏ ਗਏ ਕ੍ਰੇਟ ਪਾਣੀ ਵਿਚ ਰੁੜ੍ਹ ਗਏ। NHAI ਅਧਿਕਾਰੀਆਂ ਨੇ ਐਤਵਾਰ ਸ਼ਾਮ ਨੂੰ ਪੁਲ ਦਾ ਮੁਆਇਨਾ ਕੀਤਾ ਅਤੇ ਪ੍ਰਸ਼ਾਸਨ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ।
NHAI ਚੱਕੀ ਪੁਲ ਦੇ ਦੋ ਸੰਵੇਦਨਸ਼ੀਲ ਪਿੱਲਰਾਂ ਪੀ-1 ਅਤੇ ਪੀ-2 ਦੀ ਸੁਰੱਖਿਆ ਲਈ ਕਰੇਟ ਲਗਾਉਣ ਦਾ ਕੰਮ ਕਰ ਰਿਹਾ ਸੀ। ਚੱਕੀ ਪੁਲ ਨੂੰ ਪਿਛਲੇ ਐਤਵਾਰ ਨੂੰ ਹੀ ਵੱਡੇ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ ਸੀ ਪਰ ਇਕ ਹਫ਼ਤੇ ਦੇ ਅੰਦਰ ਹੀ ਚੱਕੀ ਪੁਲ ’ਤੇ ਆਵਾਜਾਈ ਬੰਦ ਹੋਣ ਦੀ ਸਥਿਤੀ ਬਣ ਗਈ ਹੈ। ਸ਼ਨੀਵਾਰ ਰਾਤ ਤੋਂ ਹੋ ਰਹੀ ਭਾਰੀ ਬਰਸਾਤ ਕਾਰਨ ਚੱਕੀ ਖੱਡ ਵਿਚ ਪਾਣੀ ਦਾ ਪੱਧਰ ਵੱਧ ਗਿਆ ਅਤੇ ਪਿੱਲਰਾਂ ਦੀ ਸੁਰੱਖਿਆ ਲਈ ਲਗਾਏ ਗਏ ਕਰੇਟ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ।
ਪਠਾਨਕੋਟ ਦੇ ਡੀਸੀ ਹਰਬੀਰ ਸਿੰਘ ਨੇ ਕਿਹਾ ਕਿ ਹਿਮਾਚਲ 'ਚ ਭਾਰੀ ਮੀਂਹ ਤੋਂ ਬਾਅਦ ਚੱਕੀ ਦਰਿਆ 'ਚ ਪਾਣੀ ਦਾ ਪੱਧਰ ਵਧ ਗਿਆ ਹੈ। ਇਸ ਕਾਰਨ NHAI ਨੇ ਨਦੀ 'ਚ ਹੜ੍ਹ ਦੀ ਸਥਿਤੀ ਨੂੰ ਦੇਖ ਕੇ ਰਿਪੋਰਟ ਦਿੱਤੀ ਸੀ। ਉਹਨਾਂ ਦੀ ਰਿਪੋਰਟ ਦੇ ਆਧਾਰ 'ਤੇ ਪੁਲ ਤੋਂ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ 20 ਅਗਸਤ ਦੇ ਭਿਆਨਕ ਹੜ੍ਹ ਕਾਰਨ ਚੱਕੀ ਪੁਲ ਦੇ ਦੋ ਪਿੱਲਰ ਖ਼ਤਰੇ ਵਿਚ ਆ ਗਏ ਸਨ। NHAI ਨੇ ਤੁਰੰਤ ਚੱਕੀ ਪੁਲ 'ਤੇ ਆਵਾਜਾਈ ਬੰਦ ਹੋਣ ਦੀ ਰਿਪੋਰਟ ਪ੍ਰਸ਼ਾਸਨ ਨੂੰ ਸੌਂਪ ਦਿੱਤੀ ਸੀ। ਇਸ ਤੋਂ ਬਾਅਦ ਇਸ ਨੂੰ ਬੰਦ ਕੀਤਾ ਗਿਆ ਸੀ।