
ਰਾਜਪਾਲ ਹੈੱਡ ਮਾਸਟਰ ਨਹੀਂ ਅਤੇ ਅਸੀ ਬੱਚੇ ਨਹੀਂ ਜੋ ਸਾਨੂੰ ਸਿਖਾਉਣਗੇ : ਹਰਪਾਲ ਚੀਮਾ
ਚੰਡੀਗੜ੍ਹ, 24 ਸਤੰਬਰ (ਭੁੱਲਰ): ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਰਾਜਪਾਲ ਉਪਰ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹ ਕੋਈ ਹੈੱਡ ਮਾਸਟਰ ਨਹੀਂ ਅਤੇ ਨਾ ਹੀ ਅਸੀ ਬੱਚੇ ਹਾਂ ਜੋ ਸਾਨੂੰ ਸਿਖਵਾਉਣਗੇ | ਮੁੱਖ ਮੰਤਰੀ ਪੰਜਾਬ ਦੇ ਲੋਕਾਂਨੇ ਚੁਣਿਆ ਹੋਇਆ ਹੈ ਅਤੇ ਰਾਜ ਕਰਨ ਦੀ ਸਰਕਾਰ ਬਣਾਈ ਹੈ ਜਦਕਿ ਰਾਜਪਾਲ ਕੇਂਦਰ ਦਾ ਇਕ ਨਾਮਜ਼ਦ ਪ੍ਰਤੀਨਿਧ ਹੈ |
ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਨਿੰਦਣਯੋਗ ਹੈ ਕਿ ਪੰਜਾਬ ਦੇ ਰਾਜਪਾਲ ਨੇ 27 ਸਤੰਬਰ ਨੂੰ ਪ੍ਰਸਤਾਵਿਤ ਵਿਧਾਨ ਸਭਾ ਸੈਸਨ ਦੌਰਾਨ ਹੋਣ ਵਾਲੇ ਵਿਧਾਨਿਕ ਕੰਮਾਂ ਦੇ ਵੇਰਵੇ ਮੰਗੇ ਹਨ | ਉਨ੍ਹਾਂ ਕਿਹਾ ਕਿ ਰਾਜਪਾਲ ਦਫਤਰ ਪੰਜਾਬ ਦੇ ਕੰਮਾਂ ਵਿੱਚ ਲਗਾਤਾਰ ਦਖਲਅੰਦਾਜੀ ਕਰ ਰਿਹਾ ਹੈ ਅਤੇ ਚੁਣੀ ਹੋਈ 'ਆਪ' ਸਰਕਾਰ ਨੂੰ ਖੁੱਲ੍ਹ ਕੇ ਕੰਮ ਨਹੀਂ ਕਰਨ ਦੇ ਰਿਹਾ |
ਰਾਜਪਾਲ ਦੀ ਦਖਲਅੰਦਾਜੀ 'ਤੇ ਅਫਸੋਸ ਪ੍ਰਗਟ ਕਰਦਿਆਂ ਚੀਮਾ ਨੇ ਕਿਹਾ, Tਮੈਂ ਰਾਜਪਾਲ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਆਪਣੇ ਦਫਤਰ ਦਾ ਰਿਕਾਰਡ ਚੈੱਕ ਕਰਨ ਅਤੇ ਲੋਕਾਂ ਨੂੰ ਦੱਸਣ ਕਿ ਕਿੰਨੇ ਰਾਜਪਾਲਾਂ ਨੇ ਸੱਤਾਧਾਰੀ ਸਰਕਾਰ ਤੋਂ ਵਿਧਾਨ ਸਭਾ ਸੈਸਨ ਬੁਲਾਉਣ ਦੇ ਮਕਸਦ ਬਾਰੇ ਸਵਾਲ ਖੜ੍ਹੇ ਕੀਤੇ ਹਨ | ਅੱਜ ਤੱਕ ਕਿਸੇ ਰਾਜਪਾਲ ਨੇ ਅਜਿਹਾ ਨਹੀਂ ਕੀਤਾ, ਸਿਰਫ ਮੌਜੂਦਾ ਰਾਜਪਾਲ ਅਜਿਹਾ ਕਰ ਰਹੇ ਹਨ, ਕਿਉਂਕਿ ਉਹ ਭਾਜਪਾ ਦੇ ਇਸਾਰੇ 'ਤੇ ਕੰਮ ਕਰ ਰਹੇ ਹਨ |T ਸ਼ਨੀਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਚੀਮਾ ਨੇ ਰਾਜਪਾਲ ਦਫਤਰ ਰਾਹੀਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰਨ ਲਈ ਭਾਜਪਾ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਭਾਜਪਾ ਗੁਜਰਾਤ ਅਤੇ ਹਿਮਾਚਲ ਪ੍ਰਦੇਸ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋਵਾਂ ਸੂਬਿਆਂ ਵਿੱਚ 'ਆਪ' ਪਾਰਟੀ ਦੀ ਵਧ ਰਹੀ ਲੋਕਪਿ੍ਅਤਾ ਤੋਂ ਡਰ ਗਈ ਹੈ | ਉਨ੍ਹਾਂ ਕਿਹਾ ਕਿ 'ਆਪ' ਪੂਰੀ ਤਨਦੇਹੀ ਨਾਲ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਅਤੇ ਦਿੱਲੀ ਅਤੇ ਪੰਜਾਬ ਤੋਂ ਬਾਅਦ ਹੁਣ ਹੋਰਨਾਂ ਸੂਬਿਆਂ 'ਚ ਵੀ ਬਦਲਾਅ ਦੀ ਲਹਿਰ ਹੈ | 'ਆਪ' ਆਗਾਮੀ ਚੋਣਾਂ 'ਚ ਭਾਜਪਾ ਲਈ ਵੱਡਾ ਖਤਰਾ ਬਣ ਰਹੀ ਹੈ, ਜਿਸ ਕਾਰਨ ਉਹ (ਭਾਜਪਾ) ਹੁਣ ਡਰੇ ਹੋਏ ਹਨ |