ਰੈਲੀ ਵਿਚ ਪੰਜਾਬ ਭਰ ਤੋਂ ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਕੀਤੀ ਸ਼ਮੂਲੀਅਤ
ਮੋਗਾ: ਅੱਜ ਮੋਗਾ ਦੀ ਦਾਣਾ ਮੰਡੀ ਵਿਚ ਵਪਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਵਿਸ਼ਾਲ ਰੋਸ ਰੈਲੀ ਕੀਤੀ ਗਈ ਜਿਸ ਵਿਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਵਪਾਰੀ ਅਤੇ ਮਜ਼ਦੂਰ ਪਹੁੰਚੇ। ਇਸ ਰੈਲੀ ਵਿਚ ਆੜਤੀਆ ਯੂਨੀਅਨ ਦੇ ਪੰਜਾਬ ਪ੍ਰਧਾਨ ਵਿਜੇ ਕਾਲੜਾ ਵੀ ਪਹੁੰਚੇ।
ਦਰਅਸਲ ਆੜਤੀਆਂ ਦੀ ਮੰਗ ਹੈ ਕਿ ਉਨ੍ਹਾਂ ਦਾ ਕਮਿਸ਼ਨ ਜੋ ਢਾਈ ਫ਼ੀ ਸਦੀ ਤੋਂ ਘਟਾ ਦਿਤਾ ਗਿਆ ਹੈ, ਨੂੰ ਮੁੜ ਵਧਾਇਆ ਜਾਵੇ। ਇਨ੍ਹਾਂ ਦਾ ਰੇਟ 46 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ ਜਦਕਿ ਉਨ੍ਹਾਂ ਨੂੰ ਢਾਈ ਫੀ ਸਦੀ ਰੇਟ ਮਿਲਣਾ ਚਾਹੀਦਾ ਹੈ। ਪਰ ਪਿਛਲੇ ਕਈ ਸਾਲਾਂ ਤੋਂ ਕੇਂਦਰ ਸਰਕਾਰ ਵਲੋਂ ਇਨ੍ਹਾਂ ਦੀ ਕੀਮਤ 46 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਗਈ ਹੈ, ਜਿਸ ਦਾ ਉਹ ਵਿਰੋਧ ਕਰਦੇ ਹਨ। ਇਸ ਦੇ ਨਾਲ ਹੀ ਕਣਕ ਦੇ ਸੀਜ਼ਨ ਦੌਰਾਨ ਮੋਗਾ ਮੰਡੀ ਵਲੋਂ ਸਾਈਲੋ ਵਿਚ ਪਹੁੰਚੀ ਕਣਕ ਦਾ ਕਮਿਸ਼ਨ ਨਹੀਂ ਮਿਲਿਆ। ਲੋਕਾਂ ਨੇ ਦਸਿਆ ਕਿ ਅੱਜ ਦਾ ਧਰਨਾ ਕੇਂਦਰ ਸਰਕਾਰ ਅਤੇ ਐਫ.ਸੀ.ਆਈ. ਦੀਆਂ ਮਾਰੂ ਨੀਤੀਆਂ ਵਿਰੁਧ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਮੋਗਾ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਦੀਆਂ ਮੰਡੀਆਂ ਨੇ ਸਾਇਲੋ ਵਿਚ ਕਣਕ ਭੇਜੀ ਹੈ ਪਰ ਇਸ ਦੀ ਇਜਾਜ਼ਤ ਨਹੀਂ ਦਿਤੀ ਗਈ ਸੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਨੇ ਦਸਿਆ ਕਿ ਪਿਛਲੇ 13 ਸਾਲਾਂ ਤੋਂ ਸਾਈਲੋ ਉਨ੍ਹਾਂ ਤੋਂ ਕਣਕ ਦੀ ਖਰੀਦ ਕਰ ਰਹੀ ਹੈ ਪਰ ਇਸ ਸਾਲ ਉਨ੍ਹਾਂ ਕਣਕ ਖਰੀਦਣ ਤੋਂ ਇਨਕਾਰ ਕਰ ਦਿਤਾ ਹੈ। ਇਸ ਤੋਂ ਇਲਾਵਾ ਇਨ੍ਹਾਂ ਦੀ ਕੀਮਤ 46 ਰੁਪਏ ਪ੍ਰਤੀ ਕੁਇੰਟਲ ਰੱਖੀ ਗਈ ਹੈ। ਤੀਜਾ ਉਨ੍ਹਾਂ ਦੇ ਈਪੀਐਫ ਦੇ ਨਾਂਅ 'ਤੇ 45 ਕਰੋੜ ਰੁਪਏ ਕੱਟੇ ਗਏ ਹਨ, ਜੋ ਹਰਿਆਣਾ ਵਿਚ ਨਹੀਂ ਕੱਟੇ ਜਾ ਰਹੇ ਹਨ। ਇਸ ਦੀ ਰਿਕਵਰੀ ਲਈ ਅੱਜ ਰੋਸ ਰੈਲੀ ਕੀਤੀ ਗਈ। ਇਸ ਮੌਕੇ ਉਨ੍ਹਾਂ ਦਸਿਆ ਕਿ ਅੱਜ ਫੈਸਲਾ ਲਿਆ ਗਿਆ ਹੈ ਕਿ 1 ਅਕਤੂਬਰ ਤੋਂ ਕਿਸੇ ਵੀ ਮੰਡੀ ਵਿਚ ਝੋਨੇ ਦੀ ਫਸਲ ਐਫ.ਸੀ.ਆਈ ਨੂੰ ਨਹੀਂ ਵੇਚੀ ਜਾਵੇਗੀ ਅਤੇ 3 ਅਕਤੂਬਰ ਨੂੰ ਚੰਡੀਗੜ੍ਹ ਸਥਿਤ ਜੀਐਮਐਫਸੀਆਈ ਵਿਖੇ ਹੜਤਾਲ ਕੀਤੀ ਜਾਵੇਗੀ। ਇਸ ਮੌਕੇ ਐਲਾਨ ਕੀਤਾ ਗਿਆ ਕਿ ਪੰਜਾਬ ਦੀਆਂ ਮੰਡੀਆਂ 11 ਅਕਤੂਬਰ ਤੋਂ ਬੰਦ ਰਹਿਣਗੀਆਂ।