
ਬਾਕੀ 65 ਅੱਜ, ਵਾਰੀ-ਵਾਰੀ ਮਿਲਣਗੇ, ਮੌਜੂਦਾ ਪ੍ਰਧਾਨ ਭਾਈ ਲੌਂਗੋਵਾਲ ਵੀ ਇਕੱਲਿਆਂ ਮਿਲੇ
ਚੰਡੀਗੜ੍ਹ (ਜੀ.ਸੀ.ਭਾਰਦਵਾਜ): ਸਿੱਖਾਂ ਦੀ ਸਿਰਮੌਰ ਸੰਸਥਾ 191 ਮੈਂਬਰੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹਰ ਸਾਲ ਨਵੰਬਰ ਮਹੀਨੇ ਅਪਣਾ ਨਵਾਂ ਪ੍ਰਧਾਨ ਚੁਣਦੀ ਹੈ ਅਤੇ ਗੁਰਦਵਾਰਾ ਐਕਟ ਅਨੁਸਾਰ ਐਤਕੀਂ ਇਹ ਚੋਣ 27 ਨਵੰਬਰ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਫਿਰ ਹੋਵੇਗੀ।
ਇਸ ਤੋਂ ਪਹਿਲਾਂ ਰਵਾਇਤ ਅਨੁਸਾਰ ਐਤਕੀਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਦੇ 5 ਵਾਰ ਮੁੱਖ ਮੰਤਰੀ ਰਹਿ ਚੁਕੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਥਾਂ ਪਾਰਟੀ ਦੇ ਪ੍ਰਧਾਨ ਤੇ ਐਮ.ਪੀ. ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਮੈਂਬਰਾਂ ਦੀ ਰਾਏ ਲੈਣ ਲਈ 8 ਜ਼ਿਲ੍ਹਿਆਂ ਅਤੇ ਹਰਿਆਣਾ ਦੇ ਸਾਰੇ ਮੈਂਬਰਾਂ ਨਾਲ ਵਾਰੀ-ਵਾਰੀ ਇਕੱਲਿਆਂ ਵਿਚਾਰ ਕੀਤਾ।
Sukhbir Badal
ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ, ਪਟਿਆਲਾ, ਲੁਧਿਆਣਾ, ਮੋਹਾਲੀ, ਬਰਨਾਲਾ, ਸੰਗਰੂਰ, ਹੁਸ਼ਿਆਰਪੁਰ ਤੇ ਮੋਗਾ ਸਮੇਤ ਹਰਿਆਣਾ ਤੋਂ 69 ਮੈਂਬਰ ਆਏ। ਬਾਕੀ 65 ਦੇ ਕਰੀਬ ਭਲਕੇ ਫਿਰ ਅਕਾਲੀ ਦਲ ਦੇ ਮੁੱਖ ਦਫ਼ਤਰ ਵਿਚ ਹਾਜ਼ਰੀ ਭਰਨਗੇ। ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਕੁਲ 170 ਚੁਣੇ ਹੋਏ ਮੈਂਬਰਾਂ ਵਿਚੋਂ ਅਤੇ 15 ਨਾਮਜ਼ਦ ਮੈਂਬਰਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਦੇ 154 ਦੇ ਲਗਭਗ ਮੈਂਬਰ ਹਨ ਜਿਨ੍ਹਾਂ ਵਿਚੋਂ 14 ਅਕਾਲ ਚਲਾਣਾ ਕਰ ਗਏ ਹਨ।
Bhai Gobind Singh Longowal
ਜ਼ਿਕਰਯੋਗ ਹੈ ਕਿ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਵੀ ਸੁਖਬੀਰ ਸਿੰਘ ਬਾਦਲ ਨਾਲ ਇਕੱਲਿਆਂ ਗੱਲਬਾਤ ਕੀਤੀ। 26 ਨਵੰਬਰ ਨੂੰ ਅੰਮ੍ਰਿਤਸਰ ਵਿਚ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰਾਂ ਦੀ ਸਾਂਝੀ ਬੈਠਕ ਫਿਰ ਹੋਵੇਗੀ ਅਤੇ ਬਕਾਇਦਾ ਚੋਣ ਪ੍ਰਧਾਨ ਵਾਸਤੇ ਤੇ ਅੰਤਰਿਗ ਕਮੇਟੀ ਦੇ 15 ਮੈਂਬਰਾਂ ਵਾਸਤੇ 27 ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।