
550ਵੇਂ ਪ੍ਰਕਾਸ਼ ਪੁਰਬ ਸਬੰਧੀ ਟੋਰਾਂਟੋ ਤੋਂ ਸ਼ੁਰੂ ਕੀਤੀ ਸੀ ਯਾਤਰਾ
ਅੰਮ੍ਰਿਤਸਰ(ਆਹੂਜਾ, ਲੂਥਰਾ, ਚਰਨਜੀਤ ਸਿੰਘ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਕੈਨੇਡਾ ਤੋਂ ਵਿਸ਼ਵ ਯਾਤਰਾ 'ਤੇ ਨਿਕਲੇ ਸਿੱਖ ਸ਼ਰਧਾਲੂਆਂ ਦਾ ਸ੍ਰੀ ਅੰਮ੍ਰਿਤਸਰ ਪੁੱਜਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਕੀਤਾ ਗਿਆ। ਕੈਨੇਡਾ ਦੇ ਟੋਰਾਂਟੋ ਤੋਂ ਕਰੀਬ ਦੋ ਮਹੀਨੇ ਪਹਿਲਾਂ ਸ਼ੁਰੂ ਹੋਈ ਇਹ ਯਾਤਰਾ ਵੱਖ-ਵੱਖ ਦੇਸ਼ਾਂ ਤੋਂ ਹੁੰਦੀ ਹੋਈ ਪਾਕਿਸਤਾਨ ਸਥਿਤ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਤੇ ਸ੍ਰੀ ਨਨਕਾਣਾ ਸਾਹਿਬ ਤੋਂ ਬਾਅਦ ਵਾਹਗਾ ਅਟਾਰੀ ਸਰਹੱਦ ਰਾਹੀਂ ਬੀਤੇ ਕਲ ਸ੍ਰੀ ਅੰਮ੍ਰਿਤਸਰ ਵਿਖੇ ਪੁੱਜੀ ਸੀ।
Secretary Dr Roop Singh
ਯਾਤਰਾ 'ਚ ਸ਼ਾਮਲ ਇਹ ਸ਼ਰਧਾਲੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਅੱਜ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਪੁੱਜੇ, ਜਿਥੇ ਉਨ੍ਹਾਂ ਦਾ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਬਾਠ ਤੇ ਹੋਰ ਅਧਿਕਾਰੀਆਂ ਨੇ ਸਨਮਾਨ ਕੀਤਾ। ਸ. ਗੁਰਚਰਨ ਸਿੰਘ ਬਨਵੈਤ ਦੀ ਅਗਵਾਈ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅਕੀਦਤ ਭੇਟ ਕਰਨ ਨਿਕਲੇ ਇਸ ਜਥੇ ਵਿਚ 8 ਮੈਂਬਰ ਸ਼ਾਮਲ ਹਨ।
ਸ. ਬਨਵੈਤ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਉਨ੍ਹਾਂ ਨੇ ਕਰੀਬ 2 ਮਹੀਨੇ ਦੇ ਸਫ਼ਰ ਦੌਰਾਨ 17 ਦੇਸ਼ਾਂ ਦੀ ਯਾਤਰਾ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਪਹਿਲੇ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਤੇ ਸਿਖਿਆਵਾਂ ਸਬੰਧੀ ਵੱਖ-ਵੱਖ ਦੇਸ਼ਾਂ ਵਿਚ ਸਾਹਿਤ ਵੀ ਵੰਡਿਆ। ਉਨ੍ਹਾਂ ਦਸਿਆ ਕਿ ਯਾਤਰਾ ਦਾ ਮੰਤਵ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੀ ਰੌਸ਼ਨੀ ਵਿਚ ਵਿਸ਼ਵ ਸ਼ਾਂਤੀ ਦਾ ਸੁਨੇਹਾ ਫੈਲਾਉਣਾ ਸੀ।
SGPC
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ, ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਨਿਸ਼ਾਨ ਸਿੰਘ, ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ, ਸ. ਮਲਕੀਤ ਸਿੰਘ ਬਹਿੜਵਾਲ ਅਤੇ ਹੋਰ ਮੌਜੂਦ ਸਨ।