
ਅਕਾਲੀਆਂ ਅਤੇ ਕਾਂਗਰਸੀਆਂ ਦੀਆਂ ਸ਼ੂਗਰ ਮਿੱਲਾਂ ਨੇ ਪੰਜਾਬ ਦੇ ਗੰਨਾ ਕਿਸਾਨਾ ਦੇ ਪੈਸੇ ਦੱਬ ਕੇ ਕਿਸਾਨਾਂ ਨੂੰ ਕੰਗਾਲੀ ਦੇ ਰਾਹ 'ਤੇ ਲਿਆਂਦਾ- 'ਆਪ'
ਚੰਡੀਗੜ੍ਹ: ਸੂਬੇ ਦੀਆਂ ਸ਼ੂਗਰ ਮਿੱਲਾਂ ਦੁਆਰਾ ਪੰਜਾਬ ਦੇ ਗੰਨਾ ਕਿਸਾਨਾਂ ਦੀ ਕਰੀਬ 250 ਕਰੋੜ ਰੁਪਏ ਦੀ ਅਦਾਇਗੀ ਨਾ ਕਰਨ ਅਤੇ ਪਿਛਲੇ 3 ਸਾਲਾਂ ਤੋਂ ਆਪਣੇ ਹੀ ਪੈਸੇ ਲੈਣ ਲਈ ਭਟਕ ਰਹੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰਦਿਆਂ ਆਮ ਆਦਮੀ ਪਾਰਟੀ ਨੇ ਸੂਬਾ ਸਰਕਾਰ ਉੱਤੇ ਇਨ੍ਹਾਂ ਰਾਜਨੀਤਕ ਮਿੱਲ ਮਾਲਕਾਂ ਨੂੰ ਬਚਾਉਣ ਦਾ ਦੋਸ਼ ਲਗਾਇਆ ਹੈ।
Anmol Gagan Maan
ਚੰਡੀਗੜ੍ਹ ਹੈੱਡਕੁਆਰਟਰ ਤੋਂ ਜਾਰੀ ਪ੍ਰੈੱਸ ਬਿਆਨ ਵਿੱਚ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਸੂਬਾ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਨੇ ਕਿਹਾ ਕਿ ਕਿਸਾਨਾਂ ਦੇ ਖ਼ੂਨ ਪਸੀਨੇ ਦੀ ਕਮਾਈ ਨੂੰ ਦੱਬਣ ਵਾਲੇ ਜ਼ਿਆਦਾਤਰ ਖੰਡ ਮਿੱਲ ਮਾਲਕਾ ਕਾਂਗਰਸ ਜਾਂ ਅਕਾਲੀ ਦਲ ਦੇ ਆਗੂ ਹਨ, ਜਿਸ ਕਾਰਨ ਕਿਸਾਨਾਂ ਦੀ ਆਵਾਜ਼ ਨੂੰ ਕੋਈ ਨਹੀਂ ਸੁਣ ਰਿਹਾਂ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਖੰਡ ਮਿੱਲ ਮਾਲਕਾਂ ਨੇ ਕਿਸਾਨਾਂ ਦੇ ਪੈਸੇ ਨਾ ਦਿੱਤੇ ਤਾਂ ਆਮ ਆਦਮੀ ਪਾਰਟੀ ਇਨ੍ਹਾਂ ਰਾਜਨੀਤਿਕ ਆਗੂਆਂ ਦੇ ਘਰਾਂ ਦਾ ਘਿਰਾਓ ਕਰੇਗੀ।
Aam Aadmi Party
ਮਾਨ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਅਖੌਤੀ ਹਮਦਰਦ ਬਣੇ ਕੈਪਟਨ ਅਮਰਿੰਦਰ ਸਿੰਘ ਨੇ ਜਾਣ ਬੁੱਝ ਕੇ ਹੌਲੀ ਹੌਲੀ ਸ਼ੂਗਰ ਮਿੱਲ ਸਹਿਕਾਰੀ ਸਭਾਵਾਂ ਨੂੰ ਖਤਮ ਕਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਨੇ ਇਸ ਸਿਸਟਮ ਨੂੰ ਇਸ ਲਈ ਖਤਮ ਕੀਤਾ, ਕਿਉਂਕਿ ਉਨ੍ਹਾਂ ਨੇ ਆਪਣੇ ਪਾਰਟੀ ਦੇ ਆਗੂਆਂ ਤੇ ਆਪਣੇ ਚਹੇਤਿਆਂ ਨੂੰ ਇਹ ਮਿੱਲਾਂ ਦੇਣੀਆਂ ਸਨ।
Captian Amrinder singh
ਉਨ੍ਹਾਂ ਕਿਹਾ ਕਿ ਲੋਕਾਂ ਦੇ ਸਾਹਮਣੇ ਕੈਪਟਨ ਅਮਰਿੰਦਰ ਸਿੰਘ ਝੂਠ ਦਾ ਪਾਠ ਪੜ੍ਹ ਰਹੇ ਹਨ ਕਿ ਉਹ ਕਿਸਾਨਾਂ ਲਈ ਲੜ ਰਹੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਦੀ ਪਾਰਟੀ ਦੇ ਆਗੂ ਜੋ ਸੂਗਰ ਮਿੱਲ ਦੇ ਮਾਲਕ ਹਨ ਪਿਛਲੇ 3 ਸਾਲਾਂ ਤੋਂ ਕਿਸਾਨਾਂ ਦਾ ਪੈਸਾ ਨਹੀਂ ਦੇ ਰਹੇ ਤੇ ਕੈਪਟਨ ਸਾਹਿਬ ਚੁੱਪ ਹਨ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਜੋ ਕੈਪਟਨ ਸਾਹਿਬ ਕਰ ਰਹੇ ਹਨ ਉਹ ਸਿਰਫ ਨਾਟਕ ਹੈ ਅਤੇ ਅਸਲੀਅਤ ਇਹ ਹੈ ਕਿ ਉਹ ਕਿਸਾਨਾਂ ਬਾਰੇ ਸੋਚਦੇ ਹੀ ਨਹੀਂ, ਸੋਚਦੇ ਹਨ ਤਾਂ ਸਿਰਫ ਆਪਣੇ ਆਗੂਆਂ ਬਾਰੇ ਹੀ ਸੋਚਦੇ ਹਨ।
PM modi
ਮਾਨ ਨੇ ਕਿਹਾ ਕਿ ਜੋ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਮਾਰੂ ਖੇਤੀ ਕਾਨੂੰਨ ਲੈ ਕੇ ਆਈ ਹੈ ਜੇਕਰ ਉਸ ਨੂੰ ਦੇਖਿਆ ਜਾਵੇ ਤਾਂ ਉਹ ਇਹ ਹੀ ਸਭ ਕੁਝ ਹੈ ਜੋ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਤੇ ਉਨ੍ਹਾਂ ਦੇ ਆਗੂ ਕੇਂਦਰੀ ਖੇਤੀ ਕਾਨੂੰਨ ਵਿਰੁੱਧ ਲੜਨ ਦਾ ਝੂਠਾ ਨਾਟਕ ਕਰ ਰਹੇ ਹਨ, ਜਦੋਂ ਕਿ ਆਪ ਵੀ ਸਭ ਕੁਝ ਉਹੀ ਹੀ ਕਰ ਰਹੇ ਹਨ ਜੋ ਖੇਤੀ ਕਾਨੂੰਨ ਵਿਚ ਦਰਜ ਹੈ।
Aam Aadmi Party Punjab
ਉਨ੍ਹਾਂ ਕਿਹਾ ਕਿ ਇਹ ਹੁਣ ਕੋਈ ਪਰਦੇ ਵਾਲੀ ਗੱਲ ਨਹੀਂ ਹੈ ਕੈਪਟਨ ਦਾ ਕਿਸਾਨ ਵਿਰੋਧੀ ਚੇਹਰਾ ਸਾਹਮਣੇ ਆ ਚੁੱਕਿਆ ਹੈ। ਕੈਪਟਨ ਨੇ ਕਿਸਾਨਾਂ ਦਾ ਪੈਸਾ ਮਾਰੀ ਬੈਠੇ ਸੂਗਰ ਮਿੱਲਾਂ ਦੇ ਮਾਲਕਾਂ ਨੂੰ ਆਪਣੇ ਨੇੜੇ ਲਗਾਇਆ ਹੋਇਆ ਹੈ ਅਤੇ ਕੇਂਦਰ ਵੱਲੋਂ ਲਿਆਂਦੇ ਗਏ ਕਿਸਾਨ ਮਾਰੂ ਖੇਤੀ ਕਾਨੂੰਨ ਨੂੰ ਸਭ ਤੋਂ ਪਹਿਲਾਂ ਪੰਜਾਬ ਵਿਚ ਲਾਗੂ ਕੀਤਾ ਹੈ। ਮੁੱਖ ਮੰਤਰੀ ਨੂੰ ਜੇਕਰ ਕਿਸਾਨਾਂ ਨਾਲ ਥੋੜ੍ਹੀ ਬਹੁਤੀ ਵੀ ਹਮਦਰਦੀ ਹੁੰਦੀ ਤਾਂ ਉਹ ਕਿਸਾਨਾਂ ਦੇ ਗੰਨੇ ਦਾ ਪੈਸਾ ਦੇਣ ਲਈ ਮਾਲਕਾਂ ਨੂੰ ਮਜ਼ਬੂਰ ਕਰਦੇ।