ਖ਼ਬਰਾਂ   ਪੰਜਾਬ  25 Nov 2020  ਰੇਲ ਆਵਾਜਾਈ ਦੇ ਬਹਾਲ ਹੋਣ ਬਾਅਦ ਕਾਰੋਬਾਰੀਆਂ ਦੇ ਚਿਹਰਿਆਂ 'ਤੇ ਖ਼ੁਸ਼ੀ ਦੀ ਲਹਿਰ

ਰੇਲ ਆਵਾਜਾਈ ਦੇ ਬਹਾਲ ਹੋਣ ਬਾਅਦ ਕਾਰੋਬਾਰੀਆਂ ਦੇ ਚਿਹਰਿਆਂ 'ਤੇ ਖ਼ੁਸ਼ੀ ਦੀ ਲਹਿਰ

ਏਜੰਸੀ
Published Nov 25, 2020, 12:33 am IST
Updated Nov 25, 2020, 12:33 am IST
ਰੇਲ ਆਵਾਜਾਈ ਦੇ ਬਹਾਲ ਹੋਣ ਬਾਅਦ ਕਾਰੋਬਾਰੀਆਂ ਦੇ ਚਿਹਰਿਆਂ 'ਤੇ ਖ਼ੁਸ਼ੀ ਦੀ ਲਹਿਰ
image
 image

ਪਟਿਆਲਾ, 24 ਨਵੰਬਰ (ਜਸਪਾਲ ਸਿੰਘ ਢਿੱਲੋਂ): ਪੰਜਾਬ 'ਚ ਰੇਲ ਆਵਾਜਾਈ ਦੇ ਬਹਾਲ ਹੋਣ ਬਾਅਦ ਕਾਰੋਬਾਰੀਆਂ ਦੇ ਚਿਹਰਿਆਂ 'ਤੇ ਰੌਣਕਾਂ ਪਰਤ ਆਈਆਂ ਹਨ। ਕਾਰੋਬਾਰੀ ਰੇਲ ਸੇਵਾ ਦੇ ਮੁੜ ਸ਼ੁਰੂ ਹੋਣ ਨਾਲ ਅਪਣੇ ਰੁਕੇ ਪਏ ਵਪਾਰ ਦੇ ਮੁੜ ਤੋਂ ਲੀਹ 'ਤੇ ਆਉਣ ਦੀ ਆਸ ਨਾਲ ਫਿਰ ਤੋਂ ਕੱਚਾ ਮਾਲ ਮੰਗਾਉਣ ਅਤੇ ਤਿਆਰ ਮਾਲ ਭੇਜਣ ਦੇ ਪ੍ਰਬੰਧਾਂ 'ਚ ਲੱਗ ਗਏ ਹਨ। ਇਸ ਤਰ੍ਹਾਂ ਪੰਜਾਬ 'ਚ ਰੇਲ ਸੇਵਾਵਾਂ ਬਹਾਲ ਹੋਣ 'ਤੇ ਵਪਾਰੀਆਂ ਅਤੇ ਉਦਯੋਗਪਤੀਆਂ ਨੇ ਇਸ ਦਾ ਭਰਵਾਂ ਸਵਾਗਤ ਕੀਤਾ ਹੈ।
  ਵਪਾਰੀਆਂ ਅਤੇ ਉਦਯੋਗਪਤੀਆਂ ਦਾ ਕਹਿਣਾ ਹੈ ਕਿ ਪਹਿਲਾਂ ਨੋਟਬੰਦੀ ਫੇਰ ਜੀ.ਐਸ.ਟੀ. ਤੇ ਫੇਰ ਕੋਰੋਨਾ ਮਹਾਂਮਾਰੀ ਕਰ ਕੇ ਵਪਾਰ ਦਾ ਬਹੁਤ ਨੁਕਸਾਨ ਹੋਇਆ ਸੀ ਅਤੇ ਬਾਅਦ 'ਚ ਸੂਬੇ ਅੰਦਰ ਰੇਲ ਸੇਵਾਵਾਂ ਠੱਪ ਹੋਣ ਕਰ ਕੇ ਚੋਖਾ ਨੁਕਸਾਨ ਹੋਇਆ ਹੈ ਪਰ ਹੁਣ ਆਸ ਹੈ ਕਿ ਰੇਲ ਸੇਵਾਵਾਂ ਬਹਾਲ ਹੋਣ ਨਾਲ ਜਿੱਥੇ ਕੱਚਾ ਮਾਲ ਸੂਬੇ 'ਚ ਆਵੇਗਾ, ਉਥੇ ਹੀ ਤਿਆਰ ਮਾਲ ਵੀ ਰੇਲ ਆਵਾਜਾਈ ਰਾਹੀਂ ਨਿਰਵਿਘਨ ਸੂਬੇ ਤੋਂ ਬਾਹਰ ਜਾ ਸਕੇਗਾ। ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪਟਿਆਲਾ ਜ਼ਿਲ੍ਹਾ ਪ੍ਰਧਾਨ ਸ੍ਰੀ ਰਕੇਸ਼ ਗੁਪਤਾ ਨੇ ਕਿਹਾ ਕਿ ਰੇਲ ਸੇਵਾਵਾਂ ਮੁੜ ਸ਼ੁਰੂ ਹੋਣ ਨਾਲ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਚੋਖੀ ਰਾਹਤ ਮਿਲੀ ਹੈ।
    ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਭਰ 'ਚ ਕਰੀਬ 2500 ਕਰੋੜ ਰੁਪਏ ਦਾ ਮਾਲ ਰੁਕਿਆ ਹੋਇਆ ਸੀ। ਗੁਪਤਾ ਨੇ ਕਿਹਾ ਕਿ ਉਹ ਕਿਸਾਨ ਜਥੇਬੰਦੀਆਂ ਵਲੋਂ ਰੇਲਾਂ ਚਲਾਉਣ ਲਈ ਰਾਹ ਛੱਡਣ ਦੇ ਫ਼ੈਸਲੇ ਅਤੇ ਕੇਂਦਰ ਸਰਕਾਰ ਵਲੋਂ ਰੇਲਾਂ ਮੁੜ ਚਲਾਉਣ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਨਿਭਾਈ ਗਈ ਭੂਮਿਕਾ ਦਾ ਭਰਵਾਂ ਸਵਾਗਤ ਕਰਦੇ ਹਨ। ਗੁਪਤਾ ਦਾ ਕਹਿਣਾ ਹੈ ਕਿ ਇਕ ਮਹੀਨੇ ਤੋਂ ਵੀ ਵਧੇਰੇ ਸਮੇਂ ਤੋਂ ਰੇਲ ਸੇਵਾ ਦੇ ਬੰਦ ਰਹਿਣ ਕਾਰਨ, ਉਹ ਕਾਫ਼ੀ ਮੁਸ਼ਕਿਲ 'ਚ ਘਿਰ ਗਏ ਸਨ ਕਿਉਂ ਜੋ ਅੰਬਾਲਾ ਤੋਂ ਹੀ ਰੇਲ ਢੋਆ-ਢੁਆਈ ਹੋਣ ਕਾਰਨ ਉਨ੍ਹਾਂ ਨੂੰ ਵਾਧੂ ਭਾੜਾ ਪੈ ਰਿਹਾ ਸੀ। ਹੁਣ ਰੇਲ ਗੱਡੀਆਂ ਦੀ ਆਮਦੋ-ਰਫ਼ਤ ਹੋਣ ਨਾਲ ਸਾਰਾ ਕੁੱਝ ਇੱਥੇ ਹੀ ਪਹੁੰਚਣਾ ਅਤੇ ਇੱਥੋਂ ਹੀ ਲੋਡ ਹੋਣ ਸ਼ੁਰੂ ਹੋ ਜਾਵੇਗਾ।
 


ਫੋਟੋ ਨੰ: 24 ਪੀਏਟੀ 26
ਕੱਚਾ ਮਾਲ ਮੰਗਾਉਣ ਅਤੇ ਤਿਆਰ ਮਾਲ ਭੇਜਣ ਲਈ ਤਿਆਰੀਆਂ ਸ਼ੁਰੂ

Advertisement