
ਪਹਿਲੀ ਯਾਤਰੀ ਰੇਲ ਗੱਡੀ ਅੰਮ੍ਰਿਤਸਰ ਪਹੁੰਚੀ
ਅੰਮ੍ਰਿਤਸਰ, 24 ਨਵੰਬਰ (ਸੁਰਜੀਤ ਸਿੰਘ ਖ਼ਾਲਸਾ, ਅਮਨਦੀਪ ਸਿੰਘ ਕੱਕੜ): ਕਿਸਾਨ ਮਜ਼ਦੂਰ ਯੁਨੀਅਨਾਂ ਵਲੋਂ ਕੇਂਦਰ ਸਰਕਾਰ ਦੇ ਖੇਤੀ ਬਿਲਾਂ ਵਿਰੁਧ ਕੀਤੇ ਜਾ ਰਹੇ ਰੇਲ ਰੋਕੋ ਅੰਦੋਲਨ ਨੂੰ ਮੁਲਤਵੀ ਕਰਨ ਦੇ ਫ਼ੈਸਲੇ ਤੋਂ ਬਾਅਦ ਅੱਜ ਸਵੇਰੇ ਮੁੰਬਈ ਤੋਂ ਚਲੀ ਗੋਲਡਨ ਟੈਂਪਲ ਅੇਕਸਪ੍ਰੈਸ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਨਾਲ ਅੰਮ੍ਰਿਤਸਰ ਪਹੁੰਚ ਗਈ।
ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਜੋ ਕਿ ਬਾਕੀ 30 ਜਥੇਬੰਦੀਆਂ ਤੋਂ ਵੱਖ ਹੋ ਕੇ ਰੇਲ ਰੋਕੋ ਅੰਦੋਲਨ ਜਾਰੀ ਰੱਖਣ ਲਈ ਡਟੀ ਹੋਈ ਹੈ, ਇਨ੍ਹਾਂ ਦੇ ਸਾਰੇ ਮੈਂਬਰ ਰਾਤ ਭਰ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਉਪਰ ਬੈਠੇ ਰਹੇ। ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਐਸ ਐਸ ਪੀ ਦਿਹਾਤੀ ਜ਼ਿਲ੍ਹਾ ਅੰਮ੍ਰਿਤਸਰ ਧਰੁਵ ਦਹੀਆ ਵਲੋਂ ਦੇਰ ਰਾਤ ਤਕ ਅਤੇ ਮੁੜ ਸਵੇਰੇ ਚਾਰ ਵਜੇ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਉਤੇ ਪਹੁੰਚ ਕੇ ਰੇਲਵੇ ਪਟੜੀਆਂ ਉਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਪੰਜਾਬ ਦੇ ਹਿਤਾਂ ਅਤੇ ਮੁਸਾਫ਼ਰਾਂ ਦੀ ਲੋੜ ਨੂੰ ਧਿਆਨ ਵਿਚ ਰਖਦੇ ਹੋਏ ਯਾਤਰੂ ਰੇਲ ਗਡੀ ਨੂੰ ਰਸਤਾ ਦੇਣ ਦੀ ਅਪੀਲ ਕੀਤੀ ਪਰ ਕਿਸਾਨ ਮਜ਼ਦੂਰ ਯੁਨੀਅਨ ਦੇ ਆਗੂ ਅਪਣੀ ਗੱਲ ਉਤੇ ਹੀ ਅੜੇ ਰਹੇ।
ਉਨ੍ਹਾਂ ਵਲੋਂ ਰਸਤਾ ਨਾ ਦੇਣ ਉਤੇ ਗੱਲਬਾਤ ਕਰ ਕੇ ਯਾਤਰੂ ਰੇਲ ਗਡੀ ਨੂੰ ਬਿਆਸ ਸਟੇਸ਼ਨ ਉਤੇ ਰੋਕ ਲਿਆ। ਡਿਪਟੀ ਕਮਿਸ਼ਨਰ ਸਾਹਿਬ ਖਹਿਰਾ, ਐਸ.ਐਸ.ਪੀ. ਦਹੀਆ, ਐਸ ਡੀ ਐਮ ਵਿਕਾਸ ਹੀਰਾ ਸਮੇਤ ਹੋਰ ਅਧਿਕਾਰੀ 6 ਵਜੇ ਬਿਆਸ ਰੇਲਵੇ ਸਟੇਸ਼ਨ ਉਤੇ ਪਹੁੰਚ ਗਏ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੁਸਾਫ਼ਰਾਂ ਨੂੰ ਅੰਮ੍ਰਿਤਸਰ ਲਿਆਉਣ ਲਈ ਬਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਰੇਲਵੇ ਵਿਭਾਗ ਤਰਨਤਾਰਨ ਰਸਤੇ ਯਾਤਰੂ ਗੱਡੀ ਨੂੰ ਅੰਮ੍ਰਿਤਸਰ ਭੇਜਣ ਲਈ ਰਾਜੀ ਹੋ ਗਿਆ ਜਿਸ ਕਾਰਨ ਇਹ ਗਡੀ ਲਗਭਗ 9 ਵਜੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਉਤੇ ਪਹੁੰਚ ਗਈ, ਇਥੇ ਵੀ ਡਿਪਟੀ ਕਮਿਸ਼ਨਰ ਸਾਹਿਬ ਹੋਰ ਅਧਿਕਾਰੀ ਮੁਸਾਫ਼ਰਾਂ ਦੀ ਸਾਰ ਲੈਣ ਲਈ ਪਹੁੰਚੇ ਹੋਏ ਸਨ।
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੁਸਾਫ਼ਰਾਂ ਲਈ ਚਾਹ ਅਤੇ ਬਿਸਕੁਟਾਂ ਨਾਲ ਸੇਵਾ ਦੇ ਨਾਲ ਉਨ੍ਹਾਂ ਨੂੰ ਘਰਾਂ ਤਕ ਪਹੁੰਚਾਉਣ ਲਈ ਬਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਰੇਲਵੇ ਸਟੇਸ਼ਨ ਉਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁਸਾਫ਼ਰਾਂ ਨੇ ਹੋਈ ਪ੍ਰੇਸ਼ਾਨੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀ ਕਿਸਾਨਾਂ ਦੀਆਂ ਮੰਗਾਂ ਨਾਲ ਸਹਿਮਤ ਹੁੰਦਿਆਂ ਸਮਰਥਨ ਕਰਦੇ ਹਾਂ। ਪਰ ਇਸ ਤਰ੍ਹਾਂ ਰੇਲਾਂ ਰੋਕ ਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਵੀ ਜਾਇਜ਼ ਨਹੀਂ ਹੈ। ਬਹੁਤੇ ਮੁਸਾਫ਼ਰਾਂ ਦਾ ਇਹ ਵੀ ਤਰਕ ਸੀ ਕਿ ਕਿਸਾਨਾਂ ਦੀ ਲੜਾਈ ਕੇਂਦਰ ਸਰਕਾਰ ਨਾਲ ਹੈ ਨਾ ਕਿ ਪੰਜਾਬ ਸਰਕਾਰ ਦੇ ਨਾਲ ਇਸ ਲਈ ਪੰਜਾਬ ਦੀ ਥਾਂ ਉਤੇ ਦਿੱਲੀ ਜਾ ਕੇ ਸ਼ੰਘਰਸ਼ ਕਰਨਾਂ ਚਾਹੀਦਾ ਹੈ ਜਿਸ ਨਾਲ ਪੰਜਾਬ ਅਤੇ ਲੋਕਾਂ ਦਾimage ਵਿੱਤੀ ਨੁਕਸਾਨ ਨਾ ਹੋਵੇ।