
ਗੁਰਕੀਰਤ ਸਿੰਘ ਕੋਟਲੀ ਨੇ ਸਾਇੰਸ ਸਿਟੀ ਵਿਖੇ ਗਣਿਤ ਗੈਲਰੀ ਦਾ ਕੀਤਾ ਉਦਘਾਟਨ
ਚੰਡੀਗੜ੍ਹ, 24 ਨਵੰਬਰ (ਪੱਤਰ ਪ੍ਰੇਰਕ): ਪੰਜਾਬ ਵਿਚ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਦੀ ਸਿਖਿਆ (ਐਸ,ਟੀ.ਈ.ਐਮ) ਨੂੰ ਹੋਰ ਉਤਸ਼ਾਹਤ ਕਰਨ ਅਤੇ ਗਣਿਤ ਦੀ ਸਿਖਿਆ ਬੱਚਿਆਂ ਲਈ ਰੌਚਕ ਬਣਾਉਣ ਦੇ ਆਸ਼ੇ ਨਾਲ ਸ. ਗੁਰਕੀਰਤ ਸਿੰਘ ਕੋਟਲੀ ਮੰਤਰੀ ਵਿਗਿਆਨ ਅਤੇ ਤਕਨਾਲੋਜੀ, ਪੰਜਾਬ ਵਲੋਂ ਪੁਸ਼ਪਾ ਗੁਜ਼ਰਾਲ ਸਾਇੰਸ ਸਿਟੀ ਵਿਖੇ ਗਣਿਤ ਗੈਲਰੀ ਦਾ ਉੁਦਘਾਟਨ ਕੀਤਾ ਗਿਆ |
ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ. ਕੋਟਲੀ ਨੇ ਕਿਹਾ ਕਿ ਇਹ ਗੈਲਰੀ ਜਿਥੇ ਵਿਸ਼ੇ ਨੂੰ ਅਭਿਆਸੀ ਤੇ ਦਿਲਚਸਪ ਬਣਾਏਗੀ ਉੱਥੇ ਇਹ ਪੰਜਾਬ ਦੇ ਆਮ ਲੋਕਾਂ ਖ਼ਾਸ ਕਰ ਕੇ ਵਿਦਿਆਰਥੀ ਲਈ ਬਹੁਤ ਲਾਭਦਾਇਕ ਹੋਵੇਗੀ |
ਉਨ੍ਹਾਂ ਕਿਹਾ ਕਿ ਸਾਇੰਸ ਸਿਟੀ ਵਿਖੇ ਵਿਸ਼ਵ ਪਧਰੀ ਸਹੂਲਤਾਵਾਂ ਹਨ, ਇਥੇ ਵਿਗਿਆਨ ਦੇ ਗੁੰਝਲਦਾਰ ਸਿਧਾਂਤਾਂ ਨੂੰ ਬਹੁਤ ਹੀ ਅਸਾਨ ਤਰੀਕੇ ਨਾਲ ਸਮਝਾਇਆ ਜਾਂਦਾ ਹੈ | ਉਨ੍ਹਾਂ ਦਸਿਆ ਕਿ ਲੋਕਾਂ ਨੂੰ ਅੰਧ-ਵਿਸ਼ਵਾਸਾਂ ਵਿਚੋਂ ਕੱਢਣ, ਅਤੇ ਸਮਾਜ ਵਿਚ ਵਿਗਿਆਨਕ ਸੋਚ ਪੈਦਾ ਕਰਨ ਲਈ ਸਾਇੰਸ ਸਿਟੀ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਤੋਂ ਉਹ ਬਹੁਤ ਪ੍ਰਭਾਵਤ ਹੋਏ ਹਨ | ਅੱਜ ਦੀ ਵਿਜ਼ਿਟ ਤੋਂ ਬਾਅਦ ਮੈਂ ਮੁੱਖ ਮੰਤਰੀ ਨਾਲ ਗੱਲ ਕਰਾਂਗਾ ਅਤੇ ਅਸੀਂ ਸੱਭ ਤੋਂ ਪਹਿਲਾ ਚੰਡੀਗੜ੍ਹ ਦੇ ਨੇੜੇ ਮੋਹਾਲੀ ਵਿਖੇ ਇਕ ਵਿਗਿਆਨ ਕੇਂਦਰ ਦਾ ਨੀਂਹ ਪੱਥਰ ਰੱਖ ਕੇ ਸ਼ੁਰੂਆਤ ਕਰਾਂਗੇ | ਹਰ ਵਿਦਿਆਰਥੀ ਨੂੰ ਗਿਆਨਵਾਨ ਬਣਾਉਣ ਲਈ ਸਾਇੰਸ ਸਿਟੀ ਦੀ ਵਿਜ਼ਿਟ ਨੂੰ ਸੈਕੰਡਰੀ ਸਿਖਿਆ, ਉਚੇਰੀ ਅਤੇ ਤਕਨੀਕੀ ਸਿਖਿਆ ਦੇ ਪਾਠਕ੍ਰਮ ਦਾ ਵੀ ਹਿੱਸਾ ਬਣਾਇਆ ਜਾਵੇਗਾ | ਇਸ ਨਾਲ ਹੀ ਵਿਦਿਆਰਥੀ ਪੰਜਾਬ ਦੇ ਟਿਕਾਊ ਵਿਕਾਸ ਤੋ ਚੰਗੀ ਤਰ੍ਹਾਂ ਜਾਣੂ ਹੋਣਗੇ |
ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੈਰਥ ਨੇ ਪੁਸ਼ਪਾ ਗੁਜ਼ਰਾਲ ਸਾਇੰਸ ਸਿਟੀ ਵਿਖੇ ਗਣਿਤ ਆਧਾਰਤ ਗੈਲਰੀ ਦੀ ਸਥਾਪਨਾ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਫ਼ੰਡ ਜਾਰੀ ਕੀਤੇ ਜਾਣ 'ਤੇ ਧਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਸ ਗੈਲਰੀ ਦਾ ਉਦੇਸ਼ ਗਣਿਤ ਦੀ ਸਿਖਿਆ ਨੂੰ ਵੱਖ-ਵੱਖ ਪ੍ਰਦਰਸ਼ਨੀਆਂ ਰਾਹੀ ਰੌਚਕ ਤੇ ਦਿਲਚਸਪ ਬਣਾਉਣਾ ਹੈ |