
ਹਥਿਆਰਾਂ ਦੀ ਨੁਮਾਇਸ਼ ਕਰਨ ਵਾਲੇ 34 ਵਿਅਕਤੀਆਂ 'ਤੇ ਪਰਚਾ ਦਰਜ
ਚੰਡੀਗੜ੍ਹ : ਗੰਨ ਕਲਚਰ ਖਿਲਾਫ਼ ਪ੍ਰਸ਼ਾਸਨ ਦਿਨੋ ਦਿਨ ਸਖ਼ਤ ਹੁੰਦਾ ਜਾ ਰਿਹਾ ਹੈ ਤੇ ਬੀਤੇ ਦਿਨੀਂ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਗੁਰਦਾਸਪੁਰ ਵਿਚ 23 ਲਾਇਸੈਂਸ ਰੱਦ ਕੀਤੇ ਹਨ।ਗੁਰਦਾਸਪੁਰ, ਬਰਨਾਲਾ, ਸੰਗਰੂਰ, ਜਲੰਧਰ ਅਤੇ ਰੋਪੜ ਸਮੇਤ 23 ਜ਼ਿਲ੍ਹਿਆਂ ਅਤੇ ਬਲਾਕ ਸੀਮਤ ਚੇਅਰਮੈਨ ਦੇ ਪੁੱਤਰ ਸਮੇਤ 34 ਤੋਂ ਵੱਧ ਵਿਅਕਤੀਆਂ 'ਤੇ ਪਰਚਾ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਸੰਗਰੂਰ ਵਿਚ 15, ਗੁਰਦਾਸਪੁਰ ਵਿਚ 9, ਜਲੰਧਰ ਵਿਚ 3, ਰੋਪੜ-ਬਰਨਾਲਾ ਵਿਚ ਇੱਕ-ਇੱਕ ਕੇਸ ਦਰਜ ਕੀਤਾ ਗਿਆ ਹੈ। ਜਦੋਂ ਕਿ ਗੁਰਦਾਸਪੁਰ ਵਿਚ ਦੋ ਦਿਨਾਂ ਵਿਚ 18 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਗੁਰਦਾਸਪੁਰ ਦੇ ਐਸਪੀ ਨਵਜੋਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੇ ਲਾਇਸੈਂਸੀ ਹਥਿਆਰਾਂ ਦੀ ਚੈਕਿੰਗ ਦੌਰਾਨ 23 ਲਾਇਸੈਂਸ ਰੱਦ ਕੀਤੇ ਹਨ। ਜ਼ਿਲ੍ਹੇ ਦੇ ਕੁੱਲ 6900 ਬੰਦੂਕਧਾਰਕਾਂ ਵਿੱਚੋਂ 513 ਦੀ ਸਮੀਖਿਆ ਕੀਤੀ ਗਈ ਹੈ। ਦੂਜੇ ਪਾਸੇ ਲਾਂਬੜਾ ਦਾ ਰਹਿਣ ਵਾਲਾ ਅਤੇ ਖ਼ੁਦ ਨੂੰ ਹਿੰਦੂ ਨੇਤਾ ਦੱਸਣ ਵਾਲੇ ਅਭਿਸ਼ੇਕ ਬਖਸ਼ੀ ਦੀ ਫੋਟੋ ਅਤੇ ਵੀਡੀਓ ਬੁੱਧਵਾਰ ਨੂੰ ਦੇਰ ਸ਼ਾਮ ਜਲੰਧਰ 'ਚ ਵਾਇਰਲ ਹੋਣ ਕਰ ਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਸੂਬੇ ਵਿਚ ਹਿੰਸਾ ਨੂੰ ਘੱਟ ਕਰਨ ਲਈ ਗੰਨ ਕਲਚਰ ਨੂੰ ਖ਼ਤਮ ਕਰਨ ਲਈ ਇਸ ਖਿਲਾਫ਼ ਸਖ਼ਤ ਐਕਸ਼ਨ ਲੈਣ ਦੇ ਆਦੇਸ਼ ਦਿੱਤੇ ਸਨ ਤੇ ਮੁੱਖ ਮੰਤਰੀ ਦੇ ਆਦੇਸਾਂ ਤੋਂ ਬਾਅਦ ਪੰਜਾਬ ਪੁਲਿਸ ਵੀ ਲਗਾਤਾਰ ਸਖ਼ਤ ਐਕਸ਼ਨ ਲੈ ਰਹੀ ਹੈ।