
Punjab News: ਅੰਦਰਖਾਤੇ ਸ਼ੁਰੂ ਹੋ ਚੁੱਕੀਆਂ ਹਨ ਲੀਡਰਸ਼ਿਪ ਤਬਦੀਲੀ ਲਈ ਗੱਲਾਂ
Punjab News: ਚਾਰ ਜ਼ਿਮਨੀ ਚੋਣਾਂ ਦੇ ਨਤੀਜਿਆਂ ਬਾਅਦ ਭਾਜਪਾ ਪੰਜਾਬ ਅਤੇ ਸੂਬਾ ਕਾਂਗਰਸ ਅੰਦਰ ਆਪਸੀ ਵਿਰੋਧ ਦੀਆਂ ਸੁਰਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਦੋਵੇਂ ਪਾਰਟੀਆਂ ਵਿਚ ਅੰਦਰੂਨੀ ਕਲੇਸ਼ ਵਧਣਾ ਸੁਭਾਵਕ ਹੀ ਹੈ। ਆਮ ਆਦਮੀ ਪਾਰਟੀ ਨੇ ਤਾਂ ਅਪਣਾ ਨਵਾਂ ਪ੍ਰਧਾਨ ਅਮਨ ਅਰੋੜਾ ਨੂੰ ਥਾਪ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਿਸ਼ਨ ਫ਼ਤਿਹ ਕਰਨ ਲਈ ਰਣਨੀਤੀ ਤਹਿਤ ਅਪਣਾ ਕੰਮ ਸ਼ੁਰੂ ਕਰ ਦਿਤਾ ਹੈ। ਭਾਜਪਾ ਤੇ ਕਾਂਗਰਸ ਦੀ ਜਿਸ ਤਰ੍ਹਾਂ ਦੀ ਹਾਰ ਹੋਈ ਹੈ।
ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ ਅਤੇ ਕੇਵਲ ਢਿੱਲੋਂ ਵਰਗੇ ਆਗੂਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਹੁਣ ਇਨ੍ਹਾਂ ਪਾਰਟੀਆਂ ਅੰਦਰ ਵੀ ਸੱਤਾਧਿਰ ‘ਆਪ’ ਦੀ ਮਜ਼ਬੂਤੀ ਬਾਅਦ 2027 ਤੋਂ ਪਹਿਲਾਂ ਕਾਂਗਰਸ ਤੇ ਭਾਜਪਾ ਅੰਦਰ ਵੀ ਲੀਡਰਸ਼ਿਪ ਵਿਚ ਬਦਲਾਅ ਦੀ ਗੱਲ ਚੋਣ ਨਤੀਜਿਆਂ ਬਾਅਦ ਸ਼ੁਰੂ ਹੋ ਚੁੱਕੀ ਹੈ। ਸਥਿਤੀਆਂ ਮੁਤਾਬਕ ਅਗਲੇ ਦਿਨਾਂ ਵਿਚ ਇਨ੍ਹਾਂ ਦੋਵੇਂ ਪਾਰਟੀਆਂ ਨੂੰ ਵੀ ਨਵੇਂ ਪ੍ਰਧਾਨ ਮਿਲ ਸਕਦੇ ਹਨ।
ਚੋਣ ਨਤੀਜਿਆਂ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਤੇ ਕੌਮੀ ਕਾਰਜਕਾਰਨੀ ਮੈਂਬਰ ਹਰਜੀਤ ਗਰੇਵਾਲ ਨੇ ਤਾਂ ਖੁਲ੍ਹ ਕੇ ਅਪਣੇ ਵਿਚਾਰ ਰੱਖ ਦਿਤੇ ਹਨ। ਬਿੱਟੂ ਨੇ ਸਪੱਸ਼ਟ ਕਿਹਾ ਹੈ ਕਿ ਪਾਰਟੀ ਜਰਨੈਲ ਜਾਖੜ ਚੋਣ ਮੁਹਿੰਮ ਵਿਚ ਹੁੰਦੇ ਤਾਂ ਨਤੀਜੇ ਹੋਰ ਹੀ ਹੋਣੇ ਸਨ। ਗਰੇਵਾਲ ਨੇ ਵੀ ਵੀ ਜਾਖੜ ਦੀ ਗ਼ੈਰ ਹਾਜ਼ਰੀ ’ਤੇ ਵੀ ਸਵਾਲ ਨਹੀਂ ਚੁੱਕੇ ਬਲਕਿ ਪਾਰਟੀ ਸੰਗਠਨ ਅੰਦਰ ਕੰਮਕਾਰ ਤੇ ਸੀਨੀਅਰ ਨੇਤਾਵਾਂ ਦੀ ਅਣਦੇਖੀ ਨੂੰ ਲੈ ਕੇ ਸਵਾਲ ਚੁੱਕੇ ਹਨ।
ਇਸੇ ਤਰ੍ਹਾਂ ਪੰਜਾਬ ਕਾਂਗਰਸ ਅੰਦਰ ਵੀ ਨਤੀਜਿਆਂ ਤੋਂ ਬਾਅਦ ਘੁਸਰ ਮੁਸਰ ਸ਼ੁਰੂ ਹੋ ਚੁੱਕੀ ਹੈ। ਭਾਵੇਂ ਕਿ ਹਾਲੇ ਆਗੂ ਹਾਲੇ ਇਕਦਮ ਖੁਲ੍ਹ ਕੇ ਨਹੀਂ ਬੋਲ ਰਹੇ। ਰਾਣਾ ਗੁਰਜੀਤ ਨੇ ਤਾਂ ਚੋਣ ਨਤੀਜਿਆਂ ਬਾਅਦ ਪ੍ਰਤੀਕਰਮ ਦਿੰਦੇ ਹੋਏ ਕੁੱਝ ਵੱਡੇ ਆਗੂਆਂ ਦਾ ਨਾਂ ਲਏ ਬਿਨਾਂ ਸਵਾਲ ਚੁੱਕੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ਇਸ ਵਾਰ ਪ੍ਰਗਟ ਸਿੰਘ ਅਤੇ ਸੁਖਪਾਲ ਖਹਿਰਾ ਵਰਗੇ ਕਾਂਗਰਸੀ ਆਗੂ ਵੀ ਜ਼ਿਮਨੀ ਚੋਣਾਂ ਤੋਂ ਪਾਸੇ ਰਹੇ ਅਤੇ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਦੀ ਕਾਰਜਸ਼ੈਲੀ ਨੂੰ ਲੈ ਕੇ ਵੀ ਸਵਾਲ ਉਠ ਰਹੇ ਹਨ।