
ਕਿਸਾਨੀ ਸੰਘਰਸ਼ : ਝਾਰਖੰਡ ਤੋਂ ਆਈ ਔਰਤ ਨੇ ਸੱਤਾਧਾਰੀਆਂ ਨੂੰ ਪਾਈਆਂ ਲਾਹਨਤਾਂ
ਨਵੀਂ ਦਿੱਲੀ, 24 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ 'ਤੇ ਮੋਰਚਾ ਲਾਇਆ ਹੋਇਆ ਹੈ | ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ |
ਝਾਰਖੰਡ ਤੋਂ ਆਈ ਜ਼ੇਬਾ ਖ਼ਾਨ ਨੇ ਸਪੀਚ ਦਿੰਦਿਆ ਕਿਹਾ ਕਿ ਮੈਂ ਇਸ ਅੰਦੋਲਨ ਵਿਚ 30 ਤਾਰੀਕ ਤੋਂ ਹਾਂ | ਜ਼ੇਬਾ ਖ਼ਾਨ ਨੇ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਵੀ ਦਿਤੀ | ਉਨ੍ਹਾਂ ਕਿਹਾ ਕਿ ਬਹੁਤ ਹੀ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸੱਤਾ ਵਿਚ ਬੈਠੇ ਲੋਕ ਵੋਟਾਂ ਦੇ ਟਾਈਮ 'ਤੇ ਤਾਂ ਕਿਸਾਨਾਂ ਕੋਲ ਜਾਂਦੇ ਹਨ ਅਤੇ ਉਨ੍ਹਾਂ ਦੇ ਪੈਰ ਧੋਂਦੇ ਹਨ ਪਰ ਅੱਜ ਜਦੋਂ ਦਿੱਲੀ ਦੇ ਦਰਵਾਜ਼ੇ 'ਤੇ ਸਾਡੇ ਦੇਸ਼ ਦੇ ਕਿਸਾਨ ਆਏ ਹਨ, ਅੰਨਦਾਤਾ ਆਏ ਹਨ ਤਾਂ ਉਨ੍ਹਾਂ ਲਈ ਕੋਈ ਹਮਦਰਦੀ ਨਹੀਂ ਕੋਈ ਸੁਣਵਾਈ ਨਹੀਂ ਹੋ ਰਹੀ | ਸੱਤਾ ਵਿਚ ਬੈਠੇ ਲੋਕ ਇੰਨੇ ਮਗਰੂਰ ਹੋ ਗਏ ਹਨ ਕਿਸਾਨਾਂ ਨੂੰ ਗਾਲ੍ਹਾਂ ਕੱਢ ਰਹੇ ਹਨ | ਉਨ੍ਹਾਂ ਕਿਹਾ ਕੋਈ ਕਿਸਾਨਾਂ ਨੂੰ ਦਲਾਲ ਕਹਿ ਰਿਹਾ ਹੈ ਕੋਈ ਅਤਿਵਾਦੀ ਅਤੇ ਕੋਈ ਖ਼ਾਲਿਸਤਾਨੀ, ਇਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ | ਇਹ ਗਾਲਾਂ ਸਾਡੇ ਕਿਸਾਨਾਂ ਨੂੰ ਨਹੀਂ ਦੇਸ਼ ਦੀਆਂ ਮਹਿਲਾਵਾਂ ਨੂੰ ਕੱਢ ਰਹੇ ਹਨ ਜੋ ਇਹ ਕਿਸਾਨ ਪੈਦਾ ਕਰਦੀਆਂ ਹਨ, ਇਨ੍ਹਾਂ ਨੂੰ ਕਿਸਾਨਾਂ ਕੋਲੋਂ ਮਾਫ਼ੀ ਮੰਗਣੀ ਚਾਹੀਦੀ ਹੈ | ਖ਼ਾਨ ਨੇ ਕਿਹਾ ਕਿ ਅੱਜ ਇਕ-ਇਕ ਕਰ ਕੇ ਦੇਸ਼ ਦੇ ਸਰਕਾਰੀ ਸੰਸਥਾਨ ਵਿਕ ਰਹੇ ਹਨ ਸਾਰੇ ਲੋਕ ਪਰੇਸ਼ਾਨ ਹਨ |
ਉਨ੍ਹਾਂ ਕਿਹਾ ਕਿ ਦੇਸ਼ ਦੇ ਮਜ਼ਦੂਰ ਵੀ ਪਰੇਸ਼ਾਨ ਹਨ ਉਨ੍ਹਾਂ ਨੂੰ ਬੰਦੂਆਂ ਮਜ਼ਦੂਰ ਬਣਾਇਆ ਜਾ ਰਿਹਾ ਹੈ | ਅਡਾਨੀ-ਅੰਬਾਨੀਆਂ ਦਾ ਗ਼ੁਲਾਮ ਬਣਾਉਣ ਦਾ ਕੋਸ਼ਿਸ ਕੀਤੀ ਜਾ ਰਹੀ ਹੈ ਦੇਸ਼ ਦੇ ਹਾਲਾਤ ਬਹੁਤ ਖ਼ਰਾਬ ਹਨ |