
ਮ੍ਰਿਤਕਾਂ ਦੀ ਪਛਾਣ ਕੁੰਦਨ ਸਿੰਘ ਰਾਵਤ (62) ਤੇ ਦਵਿੰਦਰ ਸਿੰਘ (35) ਬਾਕਰਪੁਰ ਵੱਜੋਂ ਹੋਈ
ਡੇਰਾਬੱਸੀ: ਚੰਡੀਗੜ੍ਹ-ਅੰਬਾਲਾ ਕੌਮੀ ਸਾਹਰਾਹ ’ਤੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਤੇਜ਼ ਰਫ਼ਤਾਰ ਕਾਰ ਅਤੇ ਐਕਟੀਵਾ ਦੀ ਜਬਰਦਸਤ ਟੱਕਰ ਦੌਰਾਨ ਐਕਟੀਵਾ ਸਵਾਰ ਬਾਪ-ਪੁੱਤ ਦੀ ਮੌਤ ਹੋ ਗਈ। ਹਾਦਸੇ ਵਿੱਚ ਦੋਵੇਂ ਵਾਹਨ ਬੁਰੀ ਤਰਾਂ ਨੁਕਸਾਨੇ ਗਏ। ਹਾਦਸੇ ਦੌਰਾਨ ਕਾਰ ਵਿੱਚ ਬੱਚਿਆਂ ਨਾਲ ਸਵਾਰ ਪਰਿਵਾਰ ਵਾਲ-ਵਾਲ ਬਚ ਗਿਆ। ਮ੍ਰਿਤਕਾਂ ਦੀ ਪਛਾਣ 62 ਸਾਲਾਂ ਕੁੰਦਨ ਸਿੰਘ ਰਾਵਤ ਤੇ 35 ਸਾਲਾਂ ਦਵਿੰਦਰ ਸਿੰਘ ਵਾਸੀ ਬਾਲਾ ਜੀ ਨਗਰ, ਮੁਬਾਰਕਪੁਰ ਵਜੋਂ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਕਾਰ ਚਾਲਕ ਮੁਤਾਬਕ ਐਕਟਿਵਾ ਸਵਾਰ ਗਲਤ ਪਾਸੇ ਤੋਂ ਆ ਰਹੇ ਸਨ, ਜਿਨ੍ਹਾਂ ਦੀ ਕਾਰ ਨਾਲ ਆਹਮੋ ਸਾਹਮਣੇ ਟੱਕਰ ਹੋਣ ਕਰ ਕੇ ਹਾਦਸਾ ਵਾਪਰਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇੱਕਤਰ ਕੀਤੀ ਜਾਣਕਾਰੀ ਮੁਤਾਬਕ ਇੱਕ ਪਰਿਵਾਰ ਕਾਰ ਵਿੱਚ ਸਵਾਰ ਹੋ ਕੇ ਚੰਡੀਗੜ੍ਹ ਤੋਂ ਡੇਰਾਬੱਸੀ ਵੱਲ ਆ ਰਿਹਾ ਸੀ। ਜਦ ਉਹ ਡੇਰਾਬੱਸੀ ਨੇੜੇ ਪੁੱਜੇ ਤਾਂ ਉਨ੍ਹਾਂ ਦੀ ਟੱਕਰ ਸਾਹਮਣੇ ਤੋਂ ਆ ਰਹੀ ਐਕਟੀਵਾ ਨਾਲ ਹੋ ਗਈ। ਟੱਕਰ ਐਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਬੁਰੀ ਤਰਾਂ ਨੁਕਸਾਨੇ ਗਏ। ਹਾਦਸੇ ਵਿੱਚ ਕਾਰ ਸਵਾਰ ਪਰਿਵਾਰ ਕਾਰ ਦੇ ਏਅਰਬੈਗ ਖੁੱਲ੍ਹਣ ਕਰ ਕੇ ਵਾਲ-ਵਾਲ ਬਚ ਗਿਆ। ਐਕਟਿਵਾ ਸਵਾਰ ਬਾਪ-ਪੁੱਤ ਦੀ ਮੌਤ ਹੋ ਗਈ। ਰਾਹਗੀਰਾਂ ਨੇ ਦੋਵਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਉਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।