
ਰਾਸ਼ਟਰੀ ਬਾਲੜੀ ਦਿਵਸ ਦੀ ਸ਼ੁਰੂਆਤ ਮੌਕੇ ਲੋਕ ਮਹਿਲਾ ਸਸ਼ਕਤੀਕਰਨ ਲਈ ਸਰਕਾਰ ਦਾ ਸਹਿਯੋਗ ਦੇਣ : ਮੁੱਖ ਮੰਤਰੀ
ਪਟਿਆਲਾ, 25 ਜਨਵਰੀ (ਜਸਪਾਲ ਸਿੰਘ ਢਿੱਲੋਂ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਸ਼ਟਰੀ ਬਾਲੜੀ ਦਿਵਸ ਮੌਕੇ ਮਹਿਲਾ ਸਸ਼ਕਤੀਕਰਨ ਲਈ ਇਕ ਵੱਡੀ ਪਹਿਲ ਕਰਦਿਆਂ ਸਮਾਜ ਨੂੰ ਬੱਚੀਆਂ ਦੀ ਆਜ਼ਾਦੀ ਲਈ ਅੱਗੇ ਆਉਣ ਦਾ ਸੁਨੇਹਾ ਦਿਤਾ |
ਮੁੱਖ ਮੰਤਰੀ ਨੇ ਪੰਜਾਬ 'ਚ ਜ਼ਮੀਨੀ ਪੱਧਰ ਤਕ ਜਾਗਰੂਕਤਾ ਦੀ ਗੱਲ ਕਰਦਿਆਂ ਆਖਿਆ ਕਿ 2013-14 'ਚ ਿਲੰਗ ਅਨੁਪਾਤ 890/1000 ਸੀ ਜੋ 2019-20 ਦੌਰਾਨ 920/1000 ਤਕ ਪੁੱਜ ਗਈ ਹੈ ਅਤੇ ਪੰਜਾਬ ਸਰਕਾਰ ਵਲੋਂ ਜਨਵਰੀ ਮਹੀਨੇ ਨੂੰ ਧੀਆਂ ਦੀ ਲੋਹੜੀ ਲਈ ਸਮਰਪਿਤ ਕਰ ਕੇ ਜਾਗਰੂਕਤਾ ਵਲ ਹੋਰ ਕਦਮ ਵਧਾਏ ਗਏ ਹਨ | ਇਸ ਮੌਕੇ ਮੁੱਖ ਮੰਤਰੀ ਨੇ ਆਖਿਆ ਕਿ ਹੁਣ ਜ਼ਮਾਨਾ ਬਦਲ ਗਿਆ ਹੈ ਲੜਕੀਆਂ ਵੀ ਮਰਦਾਂ ਦੇ ਮੁਕਾਬਲੇ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ | ਉਨ੍ਹਾਂ ਆਖਿਆ ਕਿ ਨੌਕਰੀਆਂ ਵਿਚ ਜਿਥੇ 30 ਫ਼ੀ ਸਦ ਔਰਤਾਂ ਲਈ ਰਾਖਵਾਂ ਹੋਵੇਗਾ, ਉਥੇ ਸਥਾਨਕ ਸਰਕਾਰਾਂ ਵਿਭਾਗ ਦੀਆਂ ਚੋਣਾਂ ਵਿਚ ਔਰਤਾਂ ਦੀ ਹਿੱਸੇਦਾਰੀ 50 ਫ਼ੀ ਸਦ ਰੱਖੀ ਗਈ ਹੈ | ਉਨ੍ਹਾਂ ਆਖਿਆ ਕਿ ਸਾਡੇ ਗੁਰੂ ਸਾਹਿਬਾਨ ਨੇ ਵੀ ਇਸਤਰੀ ਜਾਤੀ ਨੂੰ ਹਮੇਸ਼ਾ ਹੀ ਸਮਾਜ ਦਾ ਤਾਜ਼ ਦਸਿਆ | ਹੁਣ ਔਰਤਾਂ ਵਿਸ਼ਵ ਪੱਧਰ 'ਤੇ ਰਾਸ਼ਟਰਪਤੀ ਤਕ ਦੇ ਅਹੁਦਿਆਂ 'ਤੇ ਸੁਸ਼ੋਭਿਤ ਹੋ ਗਈਆਂ ਹਨ |
ਪੰਜਾਬ ਦੇ ਮੁੱਖ ਮੰਤਰੀ ਕੈ.ਅਮਰਿੰਦਰ ਸਿੰਘ ਨੇ ਆਖਿਆ ਕਿ ਸਾਂਸਦ ਰਵਨੀਤ ਸਿੰਘ ਬਿੱਟੂ ਅਤੇ ਕੁਲਬੀਰ ਜ਼ੀਰਾ ਵਿਧਾਇਕ 'ਤੇ ਹਮਲਾ ਕਰਨ ਵਾਲੇ ਕਿਸਾਨ ਹੋ ਹੀ ਨਹੀਂ ਸਕਦੇ, ਇਸ ਹਮਲੇ ਦੇ ਪਿਛੇ ਆਮ ਆਦਮੀ ਪਾਰਟੀ ਦਾ ਹੱਥ ਜਾਪਦਾ ਹੈ | ਉਨ੍ਹਾਂ ਆਖਿਆ ਕਿ ਅਸੀਂ ਤਾਂ ਖ਼ੁਦ ਖੇਤੀ ਕਾਨੂੰਨਾਂ ਦੇ ਮਾਮਲੇ 'ਤੇ ਕਿਸਾਨਾਂ ਨਾਲ ਡੱਟ ਕੇ ਖੜੇ ਹਾਂ | ਕੈਪਟਨ ਅਮਰਿੰਦਰ ਸਿੰਘ ਨੇ ਮਾਤਾ ਤਿ੍ਪਤਾ ਮਹਿਲਾ ਯੋਜਨਾ ਦਾ ਹਵਾਲਾ ਦਿੰਦਿਆਂ ਕਿਹਾ ਇਸ ਯੋਜਨਾ ਨੂੰ ਸ਼ੁਰੂ ਕਰਨ ਦਾ ਮੁੱਖ ਮਕਸਦ ਜਨਮ ਤੋਂ ਬੁਢਾਪੇ ਤਕ ਔਰਤਾਂ ਦੇ ਹੱਕਾਂ ਦੀ ਰਾਖੀ ਕਰਨਾ ਹੈ | ਉਨ੍ਹਾਂ ਦਸਿਆ ਕਿ ਇਹ ਸਕੀਮ 8 ਲੱਖ ਔਰਤਾਂ ਨੂੰ ਸਮਰੱਥ ਬਣਾਏਗੀ | ਉਨ੍ਹਾਂ ਅੱਗੇ ਕਿਹਾ ਕਿ ਕਸਤੂਰਬਾ ਗਾਂਧੀ ਮਹਿਲਾ ਯੋਜਨਾ ਇਕ ਹੋਰ ਨਵੀਂ ਪਹਿਲਕਦਮੀ ਹੈ ਜੋ ਸਾਰੀਆਂ ਮੌਜੂਦਾ ਸਕੀਮਾਂ ਅਧੀਨ ਔਰਤਾਂ ਨੂੰ ਕਵਰ ਕਰੇਗੀ | ਮੁੱਖ ਮੰਤਰੀ ਨੇ ਇਸ ਮੌਕੇ ਅਲੱਗ-ਅਲੱਗ ਸਮਾਜਕ ਸੁਰੱਖਿਆ ਸਕੀਮਾਂ ਦੀਆਂ ਪੰਜ ਲਾਭਪਾਤਰੀਆਂ ਸੁਮਨ, ਸਵਰੀਤ ਕੌਰ, ਸੁਮਨਪ੍ਰੀਤ ਕੌਰ, ਸ਼ਗਨਪ੍ਰੀਤ ਕੌਰ ਅਤੇ ਪ੍ਰਭਸਿਮਰਨ ਕੌਰ ਨੂੰ ਸਨਮਾਨਤ ਕੀਤਾ |
ਸਮਾਜਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਔਰਤਾਂ ਨੂੰ ਸੰਤੁਲਿਤ ਖੁਰਾਕ ਪ੍ਰਦਾਨ ਕਰਨ ਲਈ ਸ਼ੁਰੂ ਕੀਤੇ ਪੋਸ਼ਣ ਮਾਂਹ ਲਈ ਧਨਵਾਦ ਕਰਦਿਆਂ ਕਿਹਾ ਕਿ ਸੂਬੇ ਦੇ 27314 ਆਂਗਣਵਾੜੀ ਸੈਂਟਰਾਂ ਨੇ ਕੋਵਿਡ-19 ਦੌਰਾਨ ਮੂਹਰਲੀ ਕਤਾਰ 'ਚ ਰਹਿ ਕੇ ਕੰਮ ਕੀਤਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ, ਵਿਧਾਇਕ ਹਰਦਿਆਲ ਸਿੰਘ ਕੰਬੋਜ, ਨਿਰਮਲ ਸਿੰਘ ਤੇ ਰਾਜਿੰਦਰ ਸਿੰਘ, ਜੈ ਇੰਦਰ ਕੌਰ, ਹਰਿੰਦਰ ਸਿੰਘ ਹੈਰੀ ਮਾਨ, ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਮਹਿਲਾ ਤੇ ਬਾਲ ਵਿਕਾਸ ਬੋਰਡ ਦੇ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਦੇ ਡਾਇਰੈਕਟਰ ਵਿਪੁਲ ਉਜਵਲ ਮੌਜੂਦ ਸਨ |
ਫੋਟੋ ਨੰ: 25 ਪੀਏਟੀ 19
ਪੰਜਾਬ ਦੇ ਮੁੱਖ ਮੰਤਰੀ ਕੈ.ਅਮਰਿੰਦਰ ਸਿੰਘ ਅਤੇ ਸਮਾਜ ਭਲਾਈ ਮੰਤਰੀ ਅਰੁਣਾ ਚੌਧਰੀ, ਸਾਂਸਦ ਪ੍ਰਨੀਤ ਕੌਰ ਸਨਮਾਨਿਤ ਔਰਤ ਸਖਸ਼ੀਅਤਾਂ ਦੇ ਨਾਲ | ਫੋਟੋ : ਰੁਪਿੰਦਰ ਮੋਨੂੰ
imageਮੁੱਖ ਮੰਤਰੀ ਕੈ.ਅਮਰਿੰਦਰ ਸਿੰਘ ਅਤੇ ਸਮਾਜ ਭਲਾਈ ਮੰਤਰੀ ਅਰੁਣਾ ਚੌਧਰੀ, ਸਾਂਸਦ ਪ੍ਰਨੀਤ ਕੌਰ ਸਨਮਾਨਿਤ ਔਰਤ ਸਖਸ਼ੀਅਤਾਂ ਦੇ ਨਾਲ | ਫੋਟੋ : ਰੁਪਿੰਦਰ ਮੋਨੂੰ