
ਕੈਪਟਨ ਸਾਬ੍ਹ, ਬੇਅਦਬੀ ਮਾਮਲੇ 'ਚ ਬਾਦਲਾਂ ਨਾਲ ਲਿਹਾਜ਼ ਕਰਨ ਸਬੰਧੀ 'ਸਿਫ਼ਾਰਸ਼' ਕਿਸਦੀ ਆਈ ਸੀ? : ਦੁਪਾਲਪੁਰ
ਪੁਛਿਆ, ਐਡਵੋਕੇਟ ਜਨਰਲ ਅਤੁਲ ਨੰਦਾ ਦੀ ਹਾਈਕੋਰਟ 'ਚ ਕੀ ਰਹੀ ਮਜਬੂਰੀ?
ਕੋਟਕਪੂਰਾ, 25 ਜਨਵਰੀ (ਗੁਰਿੰਦਰ ਸਿੰਘ) : ਸਾਢੇ ਚਾਰ ਸਾਲ ਮੌਜ-ਮਸਤੀ ਵਾਲਾ ਰਾਜ-ਭਾਗ ਖੁੱਸ ਜਾਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਨਵੇਂ-ਨਵੇਂ ਇੰਕਸ਼ਾਫ ਕਰ ਰਹੇ ਹਨ | ਬੀਤੇ ਕਲ ਉਨ੍ਹਾਂ ਵਲੋਂ ਅਪਣੇ 'ਸਿਆਸੀ ਦੁਸ਼ਮਣ' ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਬਣਾਉਣ ਲਈ ਸਰਹੱਦ ਪਾਰੋਂ ਆਏ ਫ਼ੋਨ ਦਾ ਸ਼ਗੂਫਾ ਛਡਿਆ, ਜਿਸ 'ਤੇ ਟਿਪਣੀ ਕਰਦਿਆਂ ਪ੍ਰਵਾਸੀ ਪੰਜਾਬੀ ਲੇਖਕ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਦੁਪਾਲਪੁਰ ਨੇ ਅਪਣੇ ਇਕ ਲਿਖਤੀ ਬਿਆਨ 'ਚ ਕਿਹਾ ਕਿ ਸਾਨੂੰ ਕੈਪਟਨ-ਸਿੱਧੂ ਦੀ ਆਪਸੀ ਬਿਆਨਬਾਜ਼ੀ ਦੀ 'ਚਾਂਦ ਮਾਰੀ' ਵਿਚੋਂ ਕੁੱਝ ਵੀ ਲੈਣਾ-ਦੇਣਾ ਨਹੀਂ ਹੈ | ਗੁਰੂ ਨਾਨਕ ਨਾਮਲੇਵਾ ਹੋਣ ਨਾਤੇ ਸਾਨੂੰ ਬੇਅਦਬੀ ਮਸਲੇ ਬਾਰੇ ਸਵਾਲ ਪੁੱਛਣ ਦਾ ਪੂਰਾ ਹੱਕ ਹੈ |
ਕੈਪਟਨ ਜੀ ਸਾਨੂੰ ਇਹ ਦੱਸ ਦਿਉ ਕਿ ਬੇਅਦਬੀ ਕੇਸ 'ਚ ਬਾਦਲਾਂ ਨਾਲ ਲਿਹਾਜ਼ ਕਰਨ ਲਈ ਸਿਫ਼ਾਰਸ਼ ਕਿਸਦੀ ਆਈ ਸੀ? ਲੋਕ ਦੇਖਦੇ ਰਹੇ ਹਨ ਕਿ ਤੁਹਾਡੇ ਰਾਜ ਭਾਗ ਦੌਰਾਨ ਜਦ ਵੀ ਕਿਸੇ ਅਦਾਲਤ 'ਚ ਬੇਅਦਬੀ ਕੇਸ ਦੀ ਸੁਣਵਾਈ ਹੁੰਦੀ ਸੀ ਤਾਂ ਤੁਹਾਡੇ ਅਫ਼ਸਰ ਸ਼ੱਕੀ ਢਿੱਲ-ਮੱਠ ਅਪਣਾ ਲੈਂਦੇ ਰਹੇ | ਖਾਸ ਕਰ ਕੇ ਹਾਈਕੋਰਟ 'ਚ ਤੁਹਾਡੇ ਚਹੇਤੇ ਐਡਵੋਕੇਟ ਜਨਰਲ (ਏ.ਜੀ.) ਅਤੁਲ ਨੰਦਾ ਨੂੰ 'ਬੁਖ਼ਾਰ ਚੜ੍ਹ ਜਾਂਦਾ' ਹੁੰਦਾ ਸੀ | ਦੁਨੀਆਂ ਹੈਰਾਨ ਰਹਿ ਜਾਂਦੀ ਸੀ ਕਿ ਤੁਹਾਡੇ ਅਪਣੇ ਨਿਜੀ ਕੇਸ ਲੜਨ ਲਈ ਤਾਂ ਦਿੱਲੀਉਂ ਪੀ. ਚਿਦੰਬਰਮ ਵਰਗੇ ਮਹਿੰਗੇ ਵਕੀਲ ਆ ਪਹੁੰਚਦੇ ਪਰ ਅਪਣੇ ਇਸ਼ਟ ਦੀ ਬੇਅਦਬੀ ਵਾਲੇ ਕੇਸਾਂ ਨੂੰ ਤੁਹਾਡਾ ਪ੍ਰਸ਼ਾਸ਼ਨ ਕੋਈ ਤਰਜੀਹ ਹੀ ਨਹੀਂ ਸੀ ਦਿੰਦਾ! ਆਖ਼ਰ ਤੁਹਾਨੂੰ ਕਿਸ ਤਾਕਤ ਦੀ ਜ਼ਬਰਦਸਤ ਸਿਫ਼ਾਰਸ਼ ਸੀ ਕਿ ਤੁਸੀਂ ਅਪਣੀ ਸਰਕਾਰ ਦੀ ਵਾਰ-ਵਾਰ ਕਿਰਕਿਰੀ ਕਰਾਉਣ ਵਾਲੇ ਅਤੁਲ ਨੰਦੇ ਦੀ ਕਦੇ ਕੋਈ ਜਵਾਬ ਤਲਬੀ ਵੀ ਨਾ ਕੀਤੀ |
ਦੁਪਾਲਪੁਰ ਨੇ ਅਪਣੇ ਬਿਆਨ 'ਚ ਅੱਗੇ ਕੈਪਟਨ ਨੂੰ ਇਹ ਵੀ ਸਵਾਲ ਕੀਤਾ ਹੈ ਕਿ ਕੁੰਵਰਵਿਜੈ ਪ੍ਰਤਾਪ ਸਿੰਘ ਦੀ 'ਸਿੱਟ' ਵਲੋਂ ਜੀਅ ਜਾਨ ਨਾਲ ਤਿਆਰ ਕੀਤੀ ਪੜਤਾਲੀਆ ਰਿਪੋਰਟ ਕੀਹਦੀ ਸਿਫ਼ਾਰਸ਼ ਨਾਲ ਠੰਢੇ ਬਸਤੇ 'ਚ ਸੁੱਟ ਦਿਤੀ ਗਈ ਸੀ? ਕੈਪਟਨ ਜਿਥੇ ਹੁਣ ਤੁਸੀਂ ਅਪਣੇ 'ਸਿਆਸੀ ਉੱਲੂ' ਸਿੱਧੇ ਕਰਨ ਲਈ ਨਿੱਤ ਨਵੀਆਂ ਜਾਣਕਾਰੀਆਂ ਮੀਡੀਆ ਅੱਗੇ ਪਰੋਸ ਰਹੇ ਹੋ, ਉੱਥੇ ਤੁਸੀਂ ਅਪਣੇ ਇਸ਼ਟ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਸ ਉਪਰੰਤ ਬਹਿਬਲ ਕਲਾਂ ਅਤੇ ਕੋਟਕਪੂਰੇ ਵਿਖੇ ਹੋਏ ਗੋਲੀਕਾਂਡ ਵਾਲੇ ਕੇਸਾਂ ਨਾਲ ਸਬੰਧਤ ਅੰਦਰਲੇ ਭੇਤ ਵੀ ਜੱਗ ਜਾਹਰ ਕਰ ਦਿਉ | ਜਿਵੇਂ ਤੁਸੀਂ ਇਕ ਵੇਲੇ 'ਪਾਣੀਆਂ ਦੇ ਰਾਖੇ' ਵਜੋਂ ਅਪਣਾ ਨਾਮ ਬਣਾਇਆ ਸੀ, ਉਵੇਂ ਹੁਣ ਤੁਸੀਂ ਬੇਅਦਬੀ ਕੇਸਾਂ 'ਚ ਬਾਦਲ ਪ੍ਰਵਾਰ ਨੂੰ ਬਚਾਉਣ ਲਈ 'ਅਪਣੀ ਰਹੀ ਕੋਈ ਮਜ਼ਬੂਰੀ' ਵੀ ਜੱਗ ਜਾਹਰ ਕਰ ਕੇ ਅਪਣੀ ਸ਼ਰਧਾਲੂ ਸਿੱਖ ਵਾਲੀ ਤਸਵੀਰ ਬਹਾਲ ਰੱਖੋ!
ਫੋਟੋ :- ਕੇ.ਕੇ.ਪੀ.-ਗੁਰਿੰਦਰ-25-2ਬੀ