
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਗ਼ਜ਼ ਭਰਨ ਦਾ ਕੰਮ ਹੋਇਆ ਸ਼ੁਰੂ
ਪਹਿਲੇ ਦਿਨ 'ਅਕਾਲੀ ਕਰੋੜਪਤੀਆਂ' ਜਗਮੀਤ ਬਰਾੜ ਤੇ ਜਥੇਦਾਰ ਬ੍ਰਹਮਪੁਰਾ ਸਮੇਤ 12 ਉਮੀਦਵਾਰਾਂ ਨੇ ਕਾਗ਼ਜ਼ ਭਰੇ
ਚੰਡੀਗੜ੍ਹ, 25 ਜਨਵਰੀ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਧਾਨ ਸਭਾ ਦੀਆਂ 20 ਫ਼ਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਨਵੇਂ ਪ੍ਰੋਗਰਾਮ ਮੁਤਾਬਕ ਅੱਜ ਨੋਟੀਫ਼ੀਕੇਸ਼ਨ ਜਾਰੀ ਹੁੰਦਿਆਂ ਹੀ ਨਾਮਜ਼ਦਗੀਆਂ ਭਰਨ ਦਾ ਕੰਮ ਸ਼ੁਰੂ ਹੋ ਗਿਆ ਹੈ |
ਅੱਜ ਪਹਿਲੇ ਦਿਨ 12 ਉਮੀਦਵਾਰਾਂ ਨੇ ਕਾਗ਼ਜ਼ ਭਰੇ ਹਨ | ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਨਾ ਰਾਜੂ ਮੁਤਾਬਕ 26 ਜਨਵਰੀ ਨੂੰ ਗਣਤੰਤਰ ਦਿਵਸ ਕਾਰਨ ਛੁੱਟੀ ਰਹੇਗੀ | ਅੱਜ ਕਾਗ਼ਜ਼ ਭਰਨ ਵਾਲਿਆਂ 'ਚ ਅਕਾਲੀ ਦਲ ਦੇ 8 ਤੇ ਆਮ ਆਦਮੀ ਪਾਰਟੀ ਦਾ ਇਕ ਉਮੀਦਵਾਰ ਵੀ ਸ਼ਾਮਲ ਹੈ | ਅਕਾਲੀ ਉਮੀਦਵਾਰਾਂ 'ਚ ਮੌੜ ਹਲਕੇ ਤੋਂ ਪ੍ਰਮੁੱਖ ਆਗੂ ਜਗਮੀਤ ਸਿੰਘ ਬਰਾੜ, ਲੁਧਿਆਣਾ ਤੋਂ ਮੌਜੂਦਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਖਡੂਰ ਸਾਹਿਬ ਤੋਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸ੍ਰੀ ਮੁਕਤਸਰ ਸਾਹਿਬ ਤੋਂ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਗਿੱਲ ਤੋਂ ਦਰਸ਼ਨ ਸਿੰਘ ਸ਼ਿਵਾਲਿਕ, ਫਰੀਦਕੋਟ ਤੋਂ ਕਾਂਗਰਸ ਦੇ ਕੁਸ਼ਲਦੀਪ ਢਿੱਲੋਂ, ਸ੍ਰੀ ਅਨੰਦਪੁਰ ਸਾਹਿਬ ਤੋਂ ਆਪ ਦੇ ਹਰਜੋਤ ਬੈਂਸ ਦੇ ਨਾਂ ਜ਼ਿਕਰਯੋਗ ਹਨ |
26 ਜਨਵਰੀ ਤੋਂ ਇਲਾਵਾ 30 ਜਨਵਰੀ ਨੂੰ ਵੀ ਛੁੱਟੀ ਕਾਰਨ ਕਾਗ਼ਜ਼ ਨਹੀਂ ਭਰੇ ਜਾ ਸਕਣਗੇ | 2 ਫ਼ਰਵਰੀ ਨੂੰ ਕਾਗ਼ਜ਼ਾਂ ਦੀ ਪੜਤਾਲ ਹੋਣੀ ਹੈ ਅਤੇ 4 ਫ਼ਰਵਰੀ ਤਕ ਨਾਮ ਵਾਪਸ ਲਏ ਜਾ ਸਕਦੇ ਹਨ | ਵੋਟਾਂ 20 ਫ਼ਰਵਰੀ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤਕ ਪੈਣਗੀਆਂ | ਪੰਜਾਬ ਦੇ ਕੁਲ ਵੋਟਰਾਂ ਦੀ ਗਿਣਤੀ 2,12,75,066 ਹੈ | ਇਨ੍ਹਾਂ 'ਚ 1,11,87,857 ਪੁਰਸ਼ ਅਤੇ 1,00,86,514 ਔਰਤ ਵੋਟਰ ਹਨ |