
ਮਦਦ ਕਰਨ ਲਈ ਤੁਸੀਂ 98143-58172 ਨੰਬਰ ’ਤੇ ਸੰਪਰਕ ਕਰ ਸਕਦੇ ਹੋ।
ਤਰਨ ਤਾਰਨ: ਜ਼ਿਲ੍ਹਾ ਤਰਨਤਾਰਨ ਦੇ ਬਲਾਕ ਗੰਡੀਵਿੰਡ ਦੇ ਪਿੰਡ ਹਵੇਲੀਆਂ ਦੀ 11 ਸਾਲਾ ਬੱਚੀ ਕ੍ਰਿਸ਼ਨਾ ਕੁਮਾਰੀ ਜਿਸ ਨੇ ਪੰਜਾਬ ਲਈ 27 ਮੈਡਲ ਜਿੱਤੇ ਹਨ, ਕਾਨਿਆਂ ਦੀਆਂ ਕੰਧਾਂ ਅਤੇ ਪਰਾਲ਼ੀ ਦੀ ਪਾਈ ਛੱਤ ਵਿੱਚ ਰਹਿਣ ਲਈ ਮਜਬੂਰ ਹੈ।
ਇਹ 11 ਸਾਲਾ ਬੱਚੀ ਕ੍ਰਿਸ਼ਨਾ ਕੁਮਾਰੀ ਨੇ ਪੰਜਾਬ ਦੇ ਸ੍ਰੀ ਆਨੰਦਪੁਰ ਸਾਹਿਬ ਵਿਚ ਹੋਈਆਂ ਖੇਡਾਂ ਵਿੱਚੋਂ ਬੈਡਮਿੰਟਨ ਅਤੇ ਗੋਲਾ ਸੁੱਟਣ ਪਿੱਛੋਂ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ ਪਰ ਸਰਕਾਰ ਵੱਲੋਂ ਇਸ ਧੀ ਨੂੰ ਅਣਗੌਲਿਆਂ ਕਰਦਿਆਂ ਇਸ ਦੀ ਕੋਈ ਵੀ ਮਾਲੀ ਮਦਦ ਨਹੀਂ ਕੀਤੀ ਗਈ।
ਇਹ ਬੱਚੀ ਆਪਣੇ ਪਿੰਡ ਵਿੱਚ ਲੋਕਾਂ ਦਾ ਗੋਹਾ ਕੂੜਾ ਕਰ ਕੇ ਆਪਣਾ ਅਤੇ ਆਪਣੇ ਚਾਰ ਛੋਟੇ ਭੈਣ-ਭਰਾਵਾਂ ਦਾ ਪਾਲਣ-ਪੋਸ਼ਣ ਕਰ ਰਹੀ ਹੈ। ਘਰ ਦੇ ਹਾਲਾਤ ਅਜਿਹੇ ਹਨ ਕਿ ਬੱਚੀ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀਆਂ ਤੋਂ ਭਰੇ ਮਨ ਨਾਲ ਉਸ ਨੂੰ ਘਰ ਬਣਾ ਕੇ ਦੇਣ ਅਤੇ ਦੀ ਮੰਗ ਕੀਤੀ ਹੈ ਤਾਂ ਕਿ ਉਹ ਅੱਗੇ ਤੋ ਖੇਡਾਂ ਖੇਡ ਕੇ ਆਪਣਾ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰ ਸਕੇ। ਬੱਚੀ ਨੇ ਦੱਸਿਆ ਕਿ ਉਹ ਸਵੇਰੇ ਤੜਕੇ ਉੱਠ ਕੇ ਲੋਕਾਂ ਦੇ ਘਰਾਂ ’ਚ ਕੰਮ ਕਰਨ ਜਾਂਦੀ ਹੈ। ਘਰ ਦੇ ਹਾਲਾਤ ਦੇਖ ਕੇ ਹੀ ਗ਼ਰੀਬੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਪਿੰਡ ਵਾਸੀਆਂ ਨੇ ਕਿਹਾ ਕਿ ਇਸ ਪਰਿਵਾਰ ਦੀ ਹਾਲਤ ਬਹੁਤ ਤਰਸਯੋਗ ਹੈ। ਗ਼ਰੀਬੀ ਕਾਰਨ ਪੱਕਾ ਘਰ ਬਣਾਉਣ ਤੋਂ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੀ ਧੀ ਦੀ ਬਾਂਹ ਫੜਨੀ ਚਾਹੀਦੀ ਹੈ, ਜਿਸ ਨੇ ਖੇਡਾਂ ’ਚ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ ਤੇ ਅਜਿਹੇ ਹੀਰਿਆਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੂੰ ਸਿਰਫ਼ ਇਨ੍ਹਾਂ ਨੂੰ ਮੈਡਲ ਹੀ ਨਹੀਂ ਦੇਣੇ ਚਾਹੀਦੇ ਸਗੋਂ ਇਨ੍ਹਾਂ ਦੀ ਖੁਰਾਕ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਅਜਿਹੇ ਬੱਚੇ ਪੰਜਾਬ ਦਾ ਨਾਂਅ ਰੌਸ਼ਨ ਕਰਦੇ ਰਹਿਣ।
ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਤੇ ਸਰਕਾਰ ਇਨ੍ਹਾਂ ਦੀ ਮਦਦ ਕਰਨ ਲਈ ਅੱਗੇ ਆਉਣ ਤੇ ਇਨ੍ਹਾਂ ਨੂੰ ਘਰ ਬਣਾ ਕੇ ਦਿੱਤਾ ਜਾਵੇ। ਮਦਦ ਕਰਨ ਲਈ ਤੁਸੀਂ 98143-58172 ਨੰਬਰ ’ਤੇ ਸੰਪਰਕ ਕਰ ਸਕਦੇ ਹੋ।