
ਅਕਾਸ਼ ਸਿੰਘ ਵਾਸੀ ਧਰਮਕੋਟ ਵਜੋਂ ਹੋਈ ਮੁਲਜ਼ਮ ਦੀ ਪਛਾਣ
ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਕੋਤਵਾਲੀ ਨਜ਼ਦੀਕ ਲੱਗੇ ਡਾ. ਬੀ ਆਰ ਅੰਬੇਡਕਰ ਦੇ ਬੁੱਤ ਨਾਲ ਤੋੜਭੰਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਹੇਠ ਅੱਜ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਧਰਮਕੋਟ ਵਾਸੀ ਅਕਾਸ਼ ਸਿੰਘ ਵਜੋਂ ਹੋਈ ਹੈ। ਉਸ ਨੇ ਕਥਿਤ ਤੌਰ ’ਤੇ ਇਕ ਲੋਹੇ ਦੀ ਪੌੜੀ ਦੀ ਮਦਦ ਨਾਲ ਹਥੌੜੇ ਸਮੇਤ ਬੁੱਤ ’ਤੇ ਚੜ੍ਹ ਕੇ ਤੋੜਭੰਨ ਦੀ ਕੋਸ਼ਿਸ਼ ਕੀਤੀ ਸੀ।
ਭਾਜਪਾ ਆਗੂ ਵਿਜੇ ਸਾਂਪਲਾ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਸੀ ਅਤੇ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਕਿਹਾ ਸੀ, ‘‘ਡਾ. ਅੰਬੇਦਕਰ ਜੀ ਦੀ ਮੂਰਤੀ ਦਾ ਹਰਿਮੰਦਰ ਸਾਹਿਬ ਦੇ ਗਲਿਆਰੇ ’ਚ ਕੀਤਾ ਅਪਮਾਨ ਬਹੁਤ ਹੀ ਨਿੰਦਣਯੋਗ ਹੈ। ਅਜਿਹੇ ਲੋਕਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਕਿਉਂਕਿ ਇਹ ਘਟਨਾ ਦਰਬਾਰ ਸਾਹਿਬ ਦੇ ਗਲਿਆਰੇ ’ਚ ਵਾਪਰੀ ਸੀ, ਇਸ ਲਈ ਇਸ ਮੁੱਦੇ 'ਤੇ SGPC ਅਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।’’
ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ਵਿਖੇ ਕੋਤਵਾਲੀ ਨਜ਼ਦੀਕ ਲੱਗੇ ਡਾ. ਬੀ ਆਰ ਅੰਬੇਡਕਰ ਦੇ ਬੁੱਤ ਦੀ ਕਥਿਤ ਛੇੜਛਾੜ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਨਾਲ ਜੋੜਨਾ ਬਿਲਕੁਲ ਗਲਤ ਦੱਸਿਆ ਹੈ। ਕਮੇਟੀ ਨੇ ਸਾਬਕਾ ਸਾਂਸਦ ਵਿਜੇ ਸਾਂਪਲਾ ਵਲੋਂ ਕੀਤੇ ਦਾਅਵੇ ਨੂੰ ਵੀ ਨਕਾਰਦੇ ਹੋਏ ਇਹ ਪ੍ਰਤੀਕਰਮ ਦਿੱਤਾ ਹੈ। ਕਮੇਟੀ ਨੇ ਕਿਹਾ ਹੈ ਕਿ ਇਹ ਬੁੱਤ ਪਾਰਟੀਸ਼ੀਸ਼ਨ ਮਿਊਜ਼ਿਅਮ ਅਤੇ ਕੋਤਵਾਲੀ ਦੇ ਨਜ਼ਦੀਕ ਪੈਂਦਾ ਹੈ ਜਿੱਥੇ ਹਰ ਤਰ੍ਹਾਂ ਦੀ ਜਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੈ। ਭਾਵੇਂ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰਵਾਰ ਗਲਿਆਰਾ ਇਲਾਕਾ ਵੀ ਸਰਕਾਰੀ ਪ੍ਰਬੰਧਾਂ ਹੇਠ ਹੈ ਪਰੰਤੂ ਬੁੱਤ ਤਾਂ ਉੱਥੋਂ ਕਰੀਬ ਇੱਕ ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਵੱਲੋ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਮੇਟੀ ਡਾ. ਅੰਬੇਡਕਰ ਜੀ ਦਾ ਸਤਿਕਾਰ ਕਰਦੀ ਹੈ ਅਤੇ ਉਨ੍ਹਾਂ ਦੇ ਬੁੱਤ ਨਾਲ ਛੇੜਛਾੜ ਦੀ ਘਟਨਾ ਦੀ ਵੀ ਨਿੰਦਾ ਕਰਦੀ ਹੈ। ਪਰੰਤੂ ਸ੍ਰੀ ਵਿਜੇ ਸਾਂਪਲਾ ਵੱਲੋਂ ਇਸ ਘਟਨਾ ਨੂੰ ਸ੍ਰੀ ਹਰਿਮੰਦਰ ਸਾਹਿਬ ਨਾਲ ਜੋੜ ਕੇ ਸਵਾਲ ਕਰਨੇ ਸੰਗਤ ਅਤੇ ਲੋਕਾਂ ਵਿੱਚ ਭੁਲੇਖਾ ਪੈਦਾ ਕਰਨ ਦੀ ਹਰਕਤ ਹੈ, ਜੋ ਕਿ ਅਤਿ ਨਿੰਦਣਯੋਗ ਹੈ। ਅਜਿਹੀ ਮਨਘੜਤ ਬਿਆਨਬਾਜ਼ੀ ਅਤੇ ਇਲਜ਼ਾਮਬਾਜ਼ੀ ਠੀਕ ਨਹੀਂ ਹੈ ਇਸ ਲਈ ਸ੍ਰੀ ਸਾਂਪਲਾ ਨੂੰ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ, ਕਿਉਂਕਿ ਸੰਗਤ ਅੰਦਰ ਕਿਸੇ ਵੀ ਤਰ੍ਹਾਂ ਦਾ ਭੁਲੇਖਾ ਬਣਿਆ ਰਹਿਣਾ ਠੀਕ ਨਹੀਂ ਹੈ। ਇਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਪਾਸੋਂ ਸਪਸ਼ਟੀਕਰਨ ਦੀ ਗੱਲ ਕਰਨੀ ਵੀ ਉਚਿਤ ਨਹੀਂ ਹੈ।
ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਔਜਲਾ ਨੇ ਵੀ ਘਟਨਾ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਸੀ, ‘‘ਇੱਕ ਪਾਸੇ ਅੱਜ ਪੂਰਾ ਦੇਸ਼ ਚਾਵਾਂ ਦੇ ਨਾਲ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ, ਪਰ ਦੂਸਰੇ ਪਾਸੇ ਜਿਸ ਤਰ੍ਹਾਂ ਸੰਵਿਧਾਨ ਦੀ ਰਚਨਾ ਕਰਨ ਵਾਲੇ ਬਾਬਾ ਭੀਮ ਰਾਓ ਅੰਬੇਦਕਰ ਦੀ ਮੂਰਤੀ ਨੂੰ ਸ਼ਰਾਰਤੀ ਅਨਸਰਾਂ ਵਲੋਂ ਖੰਡਿਤ ਕੀਤਾ ਗਿਆ ਇਹ ਬੇਹੱਦ ਨਿੰਦਣਯੋਗ ਹੈ। ਜਿਸ ਦੀ ਮੈਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਾ ਹਾਂ।’’
ਉਨ੍ਹਾਂ ਕਿਹਾ, ‘‘ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਤੁਰੰਤ ਅਜਿਹੇ ਅਨਸਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਬਾਬਾ ਅੰਬੇਦਕਰ ਸਾਹਿਬ ਦਾ ਦਿਨ ਕੀ ਹੈ, ਕਿਉਂਕਿ ਜਿਸ ਨੂੰ ਇਸ ਬਾਰੇ ਪਤਾ ਹੋਵੇਗਾ ਉਹ ਕਦੇ ਵੀ ਅਜਿਹਾ ਕੰਮ ਨਹੀਂ ਕਰ ਸਕਦਾ। ਕਿਉਂਕਿ ਅਸੀਂ ਅੱਜ ਜਿਹੜੀ ਜ਼ਿੰਦਗੀ ਜੀਅ ਰਹੇ ਹਾਂ ਅਤੇ ਸਾਨੂੰ ਬਰਾਬਰਤਾ ਦੇ ਅਧਿਕਾਰ ਮਿਲੇ ਹਨ ਉਹ ਬਾਬਾ ਸਾਹਿਬ ਅੰਬੇਦਕਰ ਸਾਹਿਬ ਕਰਕੇ ਮਿਲੇ ਹਨ। ਮੈਂ ਅਜਿਹੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਕਰਦਾ ਹਾਂ।’’