
ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਿਚਾਲੇ ਨੌਂ ਸੀਟਾਂ ਉੱਤੇ ਸਹਿਮਤੀ ਬਣ ਗਈ ਹੈ। ਸੋਮਵਾਰ ਨੂੰ ਜਲੰਧਰ ਵਿੱਚ ਹੋਈ ਮੀਟਿੰਗ ਦੌਰਾਨ ਪੰਜਾਬ ਏਕਤਾ ਪਾਰਟੀ, ਬਹੁਜਨ...
ਚੰਡੀਗੜ੍ਹ : ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਿਚਾਲੇ ਨੌਂ ਸੀਟਾਂ ਉੱਤੇ ਸਹਿਮਤੀ ਬਣ ਗਈ ਹੈ। ਸੋਮਵਾਰ ਨੂੰ ਜਲੰਧਰ ਵਿੱਚ ਹੋਈ ਮੀਟਿੰਗ ਦੌਰਾਨ ਪੰਜਾਬ ਏਕਤਾ ਪਾਰਟੀ, ਬਹੁਜਨ ਸਮਾਜ ਪਾਰਟੀ, ਲੋਕ ਇਨਸਾਫ ਪਾਰਟੀ ਤੇ ਡਾ. ਧਰਮਵੀਰ ਗਾਂਧੀ ਦੀ ਅਗਵਾਈ ਵਾਲੇ ਪੰਜਾਬ ਮੰਚ ਇਸ ਬਾਰੇ ਫੈਸਲਾ ਹੋਇਆ। ਇਸ ਮੌਕੇ ਲੋਕ ਸਭਾ ਚੋਣਾਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਬੈਨਰ ਹੇਠ ਲੜਨ ਦਾ ਵੀ ਫੈਸਲਾ ਕੀਤਾ ਗਿਆ। ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਸ਼ਾਮਲ ਨਹੀਂ ਕੀਤਾ।
PDA
ਸੀਟਾਂ ਦੀ ਵੰਡ ਮੁਤਾਬਕ ਬਹੁਜਨ ਸਮਾਜ ਪਾਰਟੀ ਆਨੰਦਪੁਰ ਸਾਹਿਬ, ਜਲੰਧਰ ਤੇ ਹੁਸ਼ਿਆਰਪੁਰ ਤੋਂ ਚੋਣ ਲੜੇਗੀ। ਪੰਜਾਬ ਏਕਤਾ ਪਾਰਟੀ ਬਠਿੰਡਾ ਤੇ ਫਰੀਦਕੋਟ ਤੋਂ ਚੋਣ ਲੜੇਗੀ। ਲੋਕ ਇਨਸਾਫ ਪਾਰਟੀ ਲੁਧਿਆਣਾ, ਅੰਮ੍ਰਿਤਸਰ ਤੇ ਫਤਿਹਗੜ੍ਹ ਸਾਹਿਬ ਤੇ ਪੰਜਾਬ ਮੰਚ ਪਟਿਆਲਾ ਤੋਂ ਚੋਣ ਲੜਨਗੇ। ਗਠਜੋੜ ਭਾਈਵਾਲਾਂ ਨੇ ਕਿਹਾ ਕਿ ਪਿਛਲੇ ਦਹਾਕਿਆਂ ਤੋਂ ਵਾਰੀ ਸਿਰ ਸੂਬੇ ਨੂੰ ਲੁੱਟਣ ਵਾਲੀਆਂ ਭ੍ਰਿਸ਼ਟ ਰਵਾਇਤੀ ਪਾਰਟੀਆਂ ਦੇ ਚੁੰਗਲ ਤੋਂ ਪੰਜਾਬ ਨੂੰ ਆਜ਼ਾਦ ਕਰਵਾਉਣ ਵਾਸਤੇ ਗੱਠਜੋੜ ਬਣਿਆ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟ ਪਾਰਟੀਆਂ ਦੇ ਕੁਸ਼ਾਸਨ ਕਰਕੇ ਪੰਜਾਬ 2.5 ਲੱਖ ਕਰੋੜ ਰੁਪਏ ਦੇ ਵੱਡੇ ਕਰਜ਼ੇ ਦੀ ਮਾਰ ਝੱਲ ਰਿਹਾ ਹੈ।
Sukhpal khaira
ਇਸ ਮੌਕੇ ਖਹਿਰਾ ਨੇ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਅਕਾਲੀ ਦਲ ਟਕਸਾਲੀ ਨੇ ਆਨੰਦਪੁਰ ਸਾਹਿਬ ਸੀਟ ਤੋਂ ਆਪਣੇ ਉਮੀਦਵਾਰ ਦਾ ਨਾਮ ਇਕਤਰਫਾ ਹੀ ਐਲਾਨ ਦਿੱਤਾ ਜਦਕਿ ਪੀਡੀਏ ਵਿੱਚ ਇਸ ਉੱਪਰ ਵਿਚਾਰ ਚਰਚਾ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਪੀਡੀਏ ਇਸ ਗੱਲ ਦਾ ਹਾਮੀ ਹੈ ਕਿ ਵਿਰੋਧੀ ਧਿਰ ਪੂਰੀ ਤਰ੍ਹਾਂ ਨਾਲ ਇਕੱਠੀ ਹੋਣੀ ਚਾਹੀਦੀ ਹੈ ਤੇ ਇਸ ਦਿਸ਼ਾ ਵਿੱਚ ਅਕਾਲੀ ਦਲ ਟਕਸਾਲੀ ਦੇ ਲੀਡਰਾਂ ਨੂੰ ਆਨੰਦਪੁਰ ਸਾਹਿਬ ਤੋਂ ਆਪਣਾ ਉਮੀਦਵਾਰ ਵਾਪਸ ਲੈਣਾ ਚਾਹੀਦਾ ਹੈ ਤੇ ਪੰਜਾਬ ਦੇ ਵੱਡੇ ਹਿੱਤ ਵਿੱਚ ਅਲਾਇੰਸ ਦਾ ਹਿੱਸਾ ਬਣਨਾ ਚਾਹੀਦਾ ਹੈ।
Sukpal Khaira With Simranjit Bains
ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਦਲ, ਭਾਜਪਾ ਵਰਗੀਆਂ ਭ੍ਰਿਸ਼ਟ ਪਾਰਟੀਆਂ ਤੋਂ ਸਮਾਂਤਰ ਦੂਰੀ ਬਣਾ ਕੇ ਰੱਖਣ ਵਾਲੀਆਂ ਸਾਰੀਆਂ ਹੀ ਹਮਖਿਆਲ ਪਾਰਟੀਆਂ ਤੇ ਤਾਕਤਾਂ ਨੂੰ ਪੀਡੀਏ ਸੱਦਾ ਦਿੰਦਾ ਹੈ ਕਿ ਸਾਡੇ ਨਾਲ ਹੱਥ ਮਿਲਾਉ ਤਾਂ ਕਿ ਪੰਜਾਬ ਨੂੰ ਭ੍ਰਿਸ਼ਟ ਤੇ ਤਾਨਾਸ਼ਾਹ ਤਾਕਤਾਂ ਤੋਂ ਅਜਾਦ ਕਰਵਾਇਆ ਜਾ ਸਕੇ। ਇਸ ਸਬੰਧੀ ਪੀਡੀਏ ਦਾ ਸੀਪੀਆਈ, ਸੀਪੀਐਮ, ਆਰਐਮਪੀਆਈ ਪਾਸਲਾ ਗਰੁੱਪ ਤੇ ਵੱਖ-ਵੱਖ ਭਾਰਤੀ ਕਿਸਾਨ ਯੂਨੀਅਨਾਂ ਨੂੰ ਸੱਦਾ ਹੈ ਕਿ ਸਾਡਾ ਸਾਥ ਦਿਉ। ਗਠਜੋੜ ਦੇ ਲੀਡਰਾਂ ਨੇ ਦੱਸਿਆ ਕਿ ਬਾਕੀ ਰਹਿੰਦੀਆਂ ਚਾਰ ਸੀਟਾਂ ਦਾ ਵੀ ਜਲਦ ਹੀ ਫੈਸਲਾ ਕੀਤਾ ਜਾਵੇਗਾ।