
ਸਾਡੇ ਮਹਾਨ ਗੁਰੂ ਸਾਹਿਬਾਨ, ਸੰਤ-ਮਹਾਤਮਾ ਤੇ ਪੀਰਾਂ ਦੇ ਵਰੋਸਾਏ ਪੰਜਾਬ ਦੀ ਧਰਤੀ 'ਤੇ ਬੜੇ ਭਿਆਨਕ ਸੰਕਟ ਦੇ ਬੱਦਲ਼ ਮੰਡਰਾ ਰਹੇ ਹਨ
ਚੰਡੀਗੜ੍ਹ - ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ’ਚ ਪੰਜਾਬ ਦੀ ਪੱਕੀ ਨੁਮਾਇੰਦਗੀ ਖ਼ਤਮ ਕਰਨ ਦਾ ਸਖ਼ਤ ਵਿਰੋਧ ਕਰਦਿਆਂ ਸੁਖਬੀਰ ਬਾਦਲ ਨੇ ਟਵੀਟ ਕੀਤੇ ਹਨ। ਉਹਨਾਂ ਨੇ ਟਵੀਟ ਕਰ ਕੇ ਲਿਖਿਆ ''ਬੀਬੀਐੱਮਬੀ ਸੰਕਟ ਮਹਿਜ਼ ਹੈੱਡਵਰਕਸ ਬਾਰੇ ਨਹੀਂ। ਅਸਲ 'ਚ ਇਹ ਸੰਕਟ ਬਹੁਤ ਵੱਡਾ ਹੈ ਕਿ ਕੇਂਦਰ ਸਰਕਾਰਾਂ ਨੇ ਲਗਾਤਾਰ ਪੰਜਾਬ ਅਤੇ ਪੰਜਾਬੀਆਂ ਨਾਲ ਕਿਵੇਂ ਮਤਰੇਆ ਸਲੂਕ ਕੀਤਾ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁੱਖਮਰੀ ਤੋਂ ਬਚਾਉਣ, ਅਤੇ ਸੰਘਵਾਦ ਦੀ ਰਾਖੀ ਲਈ ਤਿੱਖੀ ਜੰਗ ਦੀ ਸ਼ੁਰੂਆਤ ਦਾ ਬਿਗਲ ਵਜਾਉਣ ਤੋਂ ਇਲਾਵਾ, ਹੁਣ ਸ਼੍ਰੋਮਣੀ ਅਕਾਲੀ ਦਲ ਕੋਲ ਹੋਰ ਕੋਈ ਵਿਕਲਪ ਨਹੀਂ ਬਚਿਆ।''
ਇਸ ਦੇ ਨਾਲ ਹੀ ਉਹਨਾਂ ਨੇ ਦੂਜੇ ਟਵੀਟ ਵਿਚ ਲਿਖਿਆ ਕਿ ''ਸਾਡੇ ਮਹਾਨ ਗੁਰੂ ਸਾਹਿਬਾਨ, ਸੰਤ-ਮਹਾਤਮਾ ਤੇ ਪੀਰਾਂ ਦੇ ਵਰੋਸਾਏ ਪੰਜਾਬ ਦੀ ਧਰਤੀ 'ਤੇ ਬੜੇ ਭਿਆਨਕ ਸੰਕਟ ਦੇ ਬੱਦਲ਼ ਮੰਡਰਾ ਰਹੇ ਹਨ। ਇਸ ਭਿਆਨਕ ਖ਼ਤਰੇ ਦਾ ਸਾਹਮਣਾ ਸ਼੍ਰੋਮਣੀ ਅਕਾਲੀ ਦਲ ਡਟ ਕੇ ਕਰੇਗਾ, ਜਿਹੜਾ ਪੰਜਾਬ ਨੂੰ ਮਾਰੂਥਲ ਬਣਾ ਦੇਵੇਗਾ ਅਤੇ ਸਾਡੇ ਬੱਚਿਆਂ ਨੂੰ ਮਜਬੂਰ ਕਰੇਗਾ, ਕਿ ਉਹ ਜਾਂ ਤਾਂ ਭੁੱਖਮਰੀ ਦਾ ਸ਼ਿਕਾਰ ਹੋਣ ਅਤੇ ਜਾਂ ਫੇਰ ਆਪਣੀਆਂ ਪੀੜ੍ਹੀਆਂ ਬਚਾਉਣ ਲਈ ਆਪਣੀ ਮਾਂ-ਭੂਮੀ ਤੇ ਘਰ ਛੱਡ ਕਿਤੇ ਹੋਰ ਬਸੇਰਾ ਕਰਨ ਲਈ ਮਜਬੂਰ ਹੋ ਜਾਣ।''