
ਪਾਕਿਸਤਾਨ ਅਤੇ ਚੀਨ ਸਮੇਤ ਸਾਰੇ ਦੁਸ਼ਮਣ ਦੇਸ਼ਾਂ ਨੂੰ ਫੰਡਿੰਗ ਦੇਣਾ ਬੰਦ ਕਰ ਦੇਵਾਂਗੀ
ਅਮਰੀਕਾ - ਅਮਰੀਕਾ ਵਿੱਚ 2024 ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਵੱਲੋਂ ਉਮੀਦਵਾਰ ਬਣਨ ਦੀ ਦੌੜ ਵਿਚ ਸ਼ਾਮਲ ਭਾਰਤੀ ਮੂਲ ਦੀ ਨਿੱਕੀ ਹੇਲੀ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਨਿੱਕੀ ਮੁਤਾਬਕ ਜੇਕਰ ਉਹ ਰਾਸ਼ਟਰਪਤੀ ਬਣ ਜਾਂਦੀ ਹੈ ਤਾਂ ਪਾਕਿਸਤਾਨ ਅਤੇ ਚੀਨ ਸਮੇਤ ਸਾਰੇ ਦੁਸ਼ਮਣ ਦੇਸ਼ਾਂ ਨੂੰ ਫੰਡਿੰਗ ਦੇਣਾ ਬੰਦ ਕਰ ਦੇਵੇਗੀ।
ਰਿਪਬਲਿਕਨ ਅਤੇ ਡੈਮੋਕ੍ਰੇਟ ਦੋਵਾਂ ਪਾਰਟੀਆਂ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਚੋਣ ਕਰਨ ਦੀ ਪ੍ਰਕਿਰਿਆ ਮਈ ਵਿਚ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਹੇਲੀ ਨੇ ਆਪਣੀ ਹੀ ਪਾਰਟੀ ਦੀ ਪ੍ਰਾਇਮਰੀ ਚੋਣ ਜਿੱਤਣੀ ਹੈ। ਇਸ ਚੋਣ ਤੋਂ ਪਹਿਲਾਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਦੀ ਦੌੜ ਵਿਚ ਸ਼ਾਮਲ ਸੈਨੇਟਰ ਜਾਂ ਹੋਰ ਆਗੂ ਵਿਦੇਸ਼ ਨੀਤੀ ਸਮੇਤ ਹੋਰ ਅਹਿਮ ਮੁੱਦਿਆਂ ’ਤੇ ਆਪਣੀ ਰਾਏ ਪ੍ਰਗਟ ਕਰ ਰਹੇ ਹਨ। ਇਸ ਦਾ ਮਕਸਦ ਆਪਣੇ ਦਾਅਵੇ ਨੂੰ ਮਜ਼ਬੂਤ ਕਰਨਾ ਹੈ।
ਹੇਲੀ ਨੇ ਕਿਹਾ- ਜੇਕਰ ਮੈਂ ਰਾਸ਼ਟਰਪਤੀ ਬਣ ਜਾਂਦੀ ਹਾਂ ਤਾਂ ਅਸੀਂ ਪਾਕਿਸਤਾਨ ਅਤੇ ਚੀਨ ਵਰਗੇ ਦੇਸ਼ਾਂ ਨੂੰ ਕੋਈ ਫੰਡਿੰਗ ਨਹੀਂ ਕਰਾਂਗੇ।
Nikki Haley
ਇੱਕ ਮਜ਼ਬੂਤਅਮਰੀਕਾ ਉਨ੍ਹਾਂ ਲੋਕਾਂ ਦੀ ਮਦਦ ਨਹੀਂ ਕਰੇਗਾ ਜੋ ਬੁਰਾਈ ਅਤੇ ਨਫ਼ਰਤ ਕਰਦੇ ਹਨ। ਅਸੀਂ ਇਨ੍ਹਾਂ ਦੇਸ਼ਾਂ ਨੂੰ ਦੇ ਕੇ ਆਪਣੇ ਟੈਕਸਦਾਤਾਵਾਂ ਦਾ ਪੈਸਾ ਬਰਬਾਦ ਨਹੀਂ ਕਰਾਂਗੇ। ਨਿਊਯਾਰਕ ਪੋਸਟ ਲਈ ਲਿਖੇ ਇੱਕ ਲੇਖ ਵਿਚ ਨਿੱਕੀ ਨੇ ਕਿਹਾ- ਸਿਰਫ਼ ਉਹੀ ਲੋਕ ਭਰੋਸੇਮੰਦ ਹਨ ਜੋ ਸਾਡੇ ਦੁਸ਼ਮਣਾਂ ਦੇ ਖਿਲਾਫ਼ ਸਾਡੇ ਨਾਲ ਖੜ੍ਹੇ ਹਨ। ਜੋ ਸਾਡੇ ਦੋਸਤਾਂ ਦੀ ਮਦਦ ਕਰਦੇ ਹਨ।
ਹੇਲੀ ਨੇ ਅੱਗੇ ਕਿਹਾ ਕਿ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਹੁੰਦਿਆਂ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 2 ਬਿਲੀਅਨ ਡਾਲਰ ਦੀ ਫੌਜੀ ਸਹਾਇਤਾ 'ਤੇ ਰੋਕ ਲਗਾ ਦਿੱਤੀ ਸੀ। ਸੰਯੁਕਤ ਰਾਸ਼ਟਰ ਦੇ ਰਾਜਦੂਤ ਹੋਣ ਦੇ ਨਾਤੇ, ਮੈਂ ਇਸ ਫ਼ੈਸਲੇ ਦਾ ਸਵਾਗਤ ਕੀਤਾ ਸੀ ਕਿਉਂਕਿ ਪਾਕਿਸਤਾਨ ਅਮਰੀਕੀ ਸੈਨਿਕਾਂ ਨੂੰ ਮਾਰਨ ਵਾਲੇ ਅੱਤਵਾਦੀਆਂ ਦਾ ਸਮਰਥਨ ਕਰਦਾ ਹੈ। ਬਿਡੇਨ ਸਰਕਾਰ ਨੇ ਇਸ ਪਾਬੰਦੀ ਨੂੰ ਹਟਾ ਦਿੱਤਾ। ਪਾਕਿਸਤਾਨ 'ਚ 12 ਤੋਂ ਵੱਧ ਅੱਤਵਾਦੀ ਸੰਗਠਨ ਮੌਜੂਦ ਹਨ। ਉਥੋਂ ਦੀ ਸਰਕਾਰ ਵੀ ਚੀਨ ਦਾ ਸਮਰਥਨ ਕਰਦੀ ਹੈ। ਜੇਕਰ ਮੈਂ ਰਾਸ਼ਟਰਪਤੀ ਬਣੀ ਤਾਂ ਇਹ ਫੰਡਿੰਗ ਬੰਦ ਹੋ ਜਾਵੇਗੀ।
Nikki Haley
ਨਿੱਕੀ ਹੇਲੀ ਨੇ ਕਿਹਾ- ਅਸੀਂ ਪਿਛਲੇ ਕੁੱਝ ਸਾਲਾਂ 'ਚ ਇਰਾਕ 'ਤੇ 1 ਅਰਬ ਡਾਲਰ ਤੋਂ ਜ਼ਿਆਦਾ ਖਰਚ ਕੀਤੇ ਹਨ। ਇਸ ਦੇ ਬਾਵਜੂਦ ਇਰਾਕੀ ਸਰਕਾਰ ਉਨ੍ਹਾਂ ਈਰਾਨੀਆਂ ਦੇ ਨੇੜੇ ਹੈ ਜੋ 'ਅਮਰੀਕਾ ਮੌਤ' ਦੇ ਨਾਹਰੇ ਲਾਉਂਦੇ ਹਨ ਅਤੇ ਸਾਡੀ ਫੌਜ 'ਤੇ ਹਮਲਾ ਕਰਦੇ ਹਨ। ਨਿੱਕੀ ਹੇਲੀ ਦੇ ਮੁਤਾਬਕ- ਕਈ ਸਾਲਾਂ ਤੋਂ ਅਮਰੀਕਾ ਵਿਚ ਜਿਸ ਵੀ ਪਾਰਟੀ ਦੀ ਸਰਕਾਰ ਰਹੀ ਹੈ, ਅਸੀਂ ਪੁਰਾਣੀਆਂ ਨੀਤੀਆਂ ਦੇ ਮੁਤਾਬਕ ਵਿਦੇਸ਼ੀ ਸਹਾਇਤਾ ਦਿੰਦੇ ਆ ਰਹੇ ਹਾਂ। ਇਹ ਅਮਰੀਕਾ ਦੇ ਪੈਸੇ ਦੀ ਬਰਬਾਦੀ ਹੈ। ਸੰਯੁਕਤ ਰਾਸ਼ਟਰ ਦੇ ਰਾਜਦੂਤ ਵਜੋਂ ਮੈਂ ਦੇਖਿਆ ਸੀ ਕਿ ਕਿਵੇਂ ਕੁਝ ਦੇਸ਼ ਸਭ ਦੇ ਸਾਹਮਣੇ ਸਾਡੇ ਬਾਰੇ ਬੁਰਾ-ਭਲਾ ਬੋਲਦੇ ਹਨ ਅਤੇ ਬਾਅਦ ਵਿਚ ਆ ਕੇ ਸਾਡੇ ਤੋਂ ਪੈਸੇ ਮੰਗਦੇ ਹਨ। ਮੈਂ ਇਹ ਸਭ ਨਹੀਂ ਹੋਣ ਦਿਆਂਗੀ।