ਪਹਿਲੇ ਪੜਾਅ 'ਚ 107 ਸਕੂਲਾਂ ਵਿਚ ਕੀਤੀ ਜਾਵੇਗੀ ਸ਼ੁਰੂਆਤ
ਮੁਹਾਲੀ - ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣ ਲਈ ਸਿੱਖਿਆ ਵਿਭਾਗ ਸਖ਼ਤ ਹੋ ਗਿਆ ਹੈ। ਅਸਲ ’ਚ ਇਹ ਹੁਕਮ ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਜਾਰੀ ਸੂਬਾ ਪੱਧਰੀ ਹੁਕਮਾਂ ਦੀ ਲੋਅ ’ਚ ਜਾਰੀ ਹੋਏ ਹਨ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ ਜੋ ਸਕੂਲਾਂ ਵਿਚ ਜਾ ਕੇ ਇਹ ਪਤਾ ਕਰਨਗੀਆਂ ਕਿ ਪੰਜਾਬੀ ਕਿੱਥੇ ਪੜ੍ਹਾਈ ਜਾ ਰਹੀ ਹੈ ਕਿੱਥੇ ਨਹੀਂ।
ਜਾਂਚ ਦੇ ਪਹਿਲੇ ਪੜਾਅ ’ਚ 107 ਸਕੂਲਾਂ ਦੀ ਸੂਚੀ ਜਾਰੀ ਹੋਈ ਹੈ। ਇਸ ਕੰਮ ਨੂੰ ਮੁਕੰਮਲ ਕਰਨ ਵਾਸਤੇ ਹੈੱਡਮਾਸਟਰ ਤੇ ਪ੍ਰਿੰਸੀਪਲ ਪੱਧਰ ਦੇ ਅਧਿਕਾਰੀਆਂ ਨੂੰ ਪੜਤਾਲੀਆ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਦਰਸ਼ਨਜੀਤ ਸਿੰਘ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਹ ਅਧਿਕਾਰੀ ਇਕ ਹਫ਼ਤੇ ਦੇ ਅੰਦਰ ਟਿੱਪਣੀਆਂ ਸਮੇਤ ਰਿਪੋਰਟ ਪੇਸ਼ ਕਰਨਗੇ।
ਜਿਹੜੇ ਸਕੂਲਾਂ ਵਿਚ ਪੰਜਾਬੀ ਵਿਸ਼ਾ ਪੜ੍ਹਾਉਣ ਸਬੰਧੀ ਜਾਂਚ ਹੋਈ ਹੈ, ਉਨ੍ਹਾਂ ਵਿਚ ਜ਼ਿਆਦਾ ਸੀਬੀਐੱਸਈ ਬੋਰਡ ਨਾਲ ਸਬੰਧਤ ਹਨ। ਹਾਲਾਂਕਿ ਦੁਬਿਧਾ ਇਸ ਗੱਲ ਦੀ ਹੈ ਕਿ ਵਿਭਾਗ ਨੇ ਪੜਤਾਲੀਆਂ ਟੀਮਾਂ ਨੂੰ ਜਾਂਚ ਸਬੰਧੀ ਕੋਈ ਖਾਕਾ ਨਹੀਂ ਦਿੱਤਾ। ਇਸ ਲਈ ਹੈੱਡਮਾਸਟਰ ਤੇ ਪ੍ਰਿੰਸੀਪਲ ਭੰਬਲਭੂਸੇ ਵਿਚ ਹਨ ਕਿ ਜਮਾਤ ਕਿਹੜੀ ਜਮਾਤ ਤੋਂ ਸ਼ੁਰੂ ਕੀਤੀ ਜਾਵੇ। ਮੁਹਾਲੀ ਵਿਚ ਜ਼ਿਆਦਾਤਰ ਨਿੱਜੀ ਸਕੂਲ ਕਿਉਂਕਿ ਸੈਂਟਰਲ ਬੋਰਡ ਆਫ਼ ਐਜੂਕੇਸ਼ਨ ਨਾਲ ਸਬੰਧਤ ਹਨ, ਇਸ ਲਈ ਵਿਸ਼ੇ ਪੜ੍ਹਾਉਣ ਸਬੰਧੀ ਮਾਪਦੰਡ ਵੀ ਇਨ੍ਹਾਂ ਵਿਚ ਸੀਬੀਐੱਸਈ ਦੇ ਹੀ ਲਾਗੂ ਹੁੰਦੇ ਹਨ। ਇਹ ਤਾਂ ਸਪੱਸ਼ਟ ਹੈ ਕਿ ਇਨ੍ਹਾਂ ਵਿਚੋਂ ਬਹੁਤ ਸਕੂਲ ਨਰਸਰੀ ਤੋਂ ਪੰਜਾਬੀ ਵਿਸ਼ਾ ਸ਼ੁਰੂ ਨਹੀਂ ਕਰਦੇ ਤਾਂ ਵਿਭਾਗ ਇਨ੍ਹਾਂ ਸਕੂਲਾਂ ’ਤੇ ਕਾਰਵਾਈ ਕਰੇਗਾ ਇਸ ਬਾਰੇ ਸਥਿਤੀ ਅਸਪੱਸ਼ਟ ਹੈ।
ਖ਼ਬਰ ਸਾਹਮਣੇ ਆਈ ਹੈ ਕਿ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਜਿਸ ਪੱਤਰ ਵਿਚ ਲਾਜ਼ਮੀ ਵਿਸ਼ੇ ਬਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਸ ਵਿਚ ਪੰਜਾਬੀ ਦੇ ਸ਼ਬਦ-ਜੋੜਾਂ ਦੀਆਂ ਵੱਡੇ ਪੱਧਰ ’ਤੇ ਤਰੁੱਟੀਆਂ ਹਨ। ਇਸ ਵਿਚ ਵਿਭਾਗ ਦੇ ਅਫ਼ਸਰਾਂ ਤੇ ਕਰਮਚਾਰੀਆਂ ਦੇ ਭਾਸ਼ਾਈ ਮਿਆਰ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਪੱਤਰ 23 ਫ਼ਰਵਰੀ ਨੂੰ ਜਾਰੀ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਸਤਖ਼ਤ ਹੇਠ ਜਾਰੀ ਹੋਇਆ, ਜਿਸ ਦਾ ਵਿਸ਼ਾ ਪੰਜਾਬੀ ਵਿਸ਼ੇ ਨੂੰ ਲਾਜ਼ਮੀ ਤੌਰ ’ਤੇ ਪੜ੍ਹਾਉਣ ਸਬੰਧੀ ਸੀ। ਤਕਰੀਬਨ 80 ਸ਼ਬਦਾਂ ਦੇ ਪੱਤਰ ਵਿਚ ਜ਼ਿਆਦਾਤਰ ਸ਼ਬਦਾਂ ਦੇ ਜੋੜ ਗਲਤ ਹਨ।
ਹੈਰਾਨੀ ਇਸ ਗੱਲ ਦੀ ਹੈ ਕਿ ਇਸ ਵਿਚ ‘ਭਾਸ਼ਾ’ ਸ਼ਬਦ ਵੀ ਗਲਤ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ‘ਸਕੂਲਾਂ’ ਅਤੇ ‘ਜ਼ਿਲ੍ਹਾ’ ਸ਼ਬਦ-ਜੋੜਾਂ ’ਚ ਵੀ ਤਰੁਟੀਆਂ ਹਨ। ਇਨ੍ਹਾਂ ਤੋਂ ਇਲਾਵਾ ਲਾਜ਼ਮੀ, ਪੜ੍ਹਾਉਣ, ਨਿਰੀਖਣ, ਆਦੇਸ਼, ਜਮ੍ਹਾਂ, ਵਿਸ਼ਾ ਸ਼ਬਦ ਇਸ ਪੱਤਰ ਵਿਚ ਵਾਰ-ਵਾਰ ਵਰਤੋਂ ਵਿਚ ਆਏ, ਪਰ ਹਰ ਵਾਰ ਇਨ੍ਹਾਂ ਦੇ ਜੋੜ ਗ਼ਲਤ ਹੀ ਲਿਖੇ ਮਿਲੇ।