
ਦਹਿਸ਼ਤ ਫੈਲਾਉਣ ਲਈ ਚਲਾਈਆਂ ਗੋਲੀਆਂ
ਲੁਧਿਆਣਾ ਪੁਲਿਸ ਨੇ ਤਿੰਨ ਦਿਨ ਪਹਿਲਾਂ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੋਟ ਮੰਗਲ ਸਿੰਘ ਦੀ ਗਲੀ ਨੰਬਰ-4 ਵਿੱਚ ਵਾਪਰੀ ਇਸ ਘਟਨਾ ਵਿੱਚ ਮੁਲਜ਼ਮਾਂ ਨੇ ਇੱਕ ਘਰ ਦੇ ਬਾਹਰ ਫ਼ਾਇਰਿੰਗ ਕੀਤੀ ਸੀ। ਸੋਨੀਆ ਰਾਣੀ ਨੇ ਦੱਸਿਆ ਕਿ ਉਹ ਆਪਣੀ ਲੜਕੀ ਨਾਲ ਮਾਸੀ ਨੀਲਮ ਖੋਸਲਾ ਦੇ ਘਰ ਗਈ ਹੋਈ ਸੀ।
ਕੁਝ ਲੋਕਾਂ ਨੇ ਦਰਵਾਜ਼ਾ ਖੜਕਾਇਆ ਅਤੇ ਜਦੋਂ ਨਹੀਂ ਖੋਲਿਆ ਤਾਂ ਉਨ੍ਹਾਂ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮ ਨੂੰ ਕਾਬੂ ਕਰ ਲਿਆ।
ਏ.ਸੀ.ਪੀ ਸਤਵਿੰਦਰ ਸਿੰਘ ਵਿਰਕ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨਵਦੀਪ ਉਰਫ਼ ਨਵੀ, ਬਲਵੰਤ ਸਿੰਘ ਅਤੇ ਨਿਤੀਸ਼ ਕੁਮਾਰ ਨੇ ਲੁਧਿਆਣਾ ਵਿੱਚ ਇੱਕ ਗਰੋਹ ਬਣਾ ਕੇ ਦਹਿਸ਼ਤ ਫੈਲਾਈ। ਜਿਸ ਘਰ 'ਚ ਗੋਲੀਬਾਰੀ ਹੋਈ ਸੀ, ਉਸ ਘਰ ਦਾ ਮਾਲਕ ਜੌਨੀ ਫਿਲਹਾਲ ਜੇਲ 'ਚ ਹੈ। ਜੌਨੀ ਦਾ ਜੇਲ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਮੁਲਜ਼ਮਾਂ ਦੇ ਸਾਥੀਆਂ ਨਾਲ ਝਗੜਾ ਹੋਇਆ ਸੀ।
ਇਸੇ ਰੰਜਿਸ਼ ਕਾਰਨ ਮੁਲਜ਼ਮਾਂ ਨੇ ਜੌਨੀ ਦੇ ਘਰ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਪਿਸਤੌਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਸਾਰੇ ਮੁਲਜ਼ਮ ਲੁਧਿਆਣਾ ਦੇ ਰਹਿਣ ਵਾਲੇ ਹਨ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹਨ।