
ਯੂ.ਟੀ. ਪੁਲਿਸ ਦੀ ਨਵੀਂ ਐਸ.ਐਸ.ਪੀ. ਜਗਦੰਬੇ ਨੀਲਾਂਬਰੀ ਵਿਜੈ 2008 ਜੋ ਪੰਜਾਬ ਕੇਡਰ ਦੀ ਆਈ.ਪੀ.ਐਸ. ਅਧਿਕਾਰੀ ਹੈ, ਉਨ੍ਹਾਂ ਦੇ ਨਾਂ ਨੂੰ ਕੇਂਦਰ ਵਲੋਂ....
ਚੰਡੀਗੜ੍ਹ, 10 ਅਗੱਸਤ (ਸਰਬਜੀਤ ਢਿੱਲੋਂ): ਯੂ.ਟੀ. ਪੁਲਿਸ ਦੀ ਨਵੀਂ ਐਸ.ਐਸ.ਪੀ. ਜਗਦੰਬੇ ਨੀਲਾਂਬਰੀ ਵਿਜੈ 2008 ਜੋ ਪੰਜਾਬ ਕੇਡਰ ਦੀ ਆਈ.ਪੀ.ਐਸ. ਅਧਿਕਾਰੀ ਹੈ, ਉਨ੍ਹਾਂ ਦੇ ਨਾਂ ਨੂੰ ਕੇਂਦਰ ਵਲੋਂ ਚੰਡੀਗੜ੍ਹ ਪੁਲਿਸ 'ਚ ਬਤੌਰ ਐਸ.ਐਸ.ਪੀ. ਦੇ ਅਹੁਦੇ ਲਈ ਦੋ ਦਿਨ ਪਹਿਲਾਂ ਹੀ ਹਰੀ ਝੰਡੀ ਦੇਣ ਬਾਅਦ ਉਹ ਛੇਤੀ ਹੀ ਅਪਣੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ। ਉਹ 30 ਜਨਵਰੀ ਨੂੰ 6 ਮਹੀਨੇ ਪਹਿਲਾਂ ਅਪਣੇ ਡੈਪੂਟੇਸ਼ਨ ਦਾ ਕਾਰਜਕਾਲ ਪੂਰਾ ਕਰ ਕੇ ਪਿਤਰੀ ਰਾਜ ਪੰਜਾਬ 'ਚ ਚਲੇ ਗਏ। ਡਾ. ਸੁਖਚੈਨ ਸਿੰਘ ਗਿੱਲ ਦੀ ਥਾਂ ਮਹੱਤਵਪੂਰਨ ਤੇ ਬੜੀ ਜ਼ਿੰਮੇਵਾਰੀ ਵਾਲੀ ਕੁਰਸੀ ਸੰਭਾਲਣਗੇ।
ਚੰਡੀਗੜ੍ਹ 'ਚ ਪਿਛਲੇ 4-5 ਮਹੀਨਿਆਂ ਤੋਂ ਗੁੰਡਾ ਅਤੇ ਮਾੜੇ ਅਨਸਰਾਂ ਵਲੋਂ ਸ਼ਹਿਰ ਦੀਆਂ ਧੀਆਂ-ਭੈਣਾਂ ਨਾਲ ਕੀਤੀ ਜਾ ਰਹੀ ਦਿਨ ਦਿਹਾੜੇ ਛੇੜ-ਛਾੜ, ਨੌਜਵਾਨਾਂ ਦੇ ਹੋਏ ਕਤਲ ਅਤੇ ਚੰਡੀਗੜ੍ਹ ਪੁਲਿਸ ਵਿਚ ਫੈਲੇ ਭ੍ਰਿਸ਼ਟਾਚਾਰ ਨਾਲ ਨਿਪਟਣਾ ਇਕ ਵਖਰੇ ਚੈਲੰਜ ਦੀ ਤਰ੍ਹਾਂ ਕਬੂਲ ਕਰਨਾ ਪਵੇਗਾ। ਇਸ ਤੋਂ ਪਹਿਲਾਂ ਵੀ ਯੂ.ਟੀ. ਪ੍ਰਸ਼ਾਸਨ 'ਚ ਪੰਜਾਬ ਪੁਲਿਸ 'ਚੋਂ ਆਏ ਪੁਲਿਸ ਅਧਿਕਾਰੀਆਂ ਦਾ ਚੰਡੀਗੜ੍ਹ 'ਚ ਲੀਰੋ-ਲੀਰ ਹੋਈ ਲਾਅ ਐਂਡ ਆਰਡਰ ਦੀ ਸਥਿਤੀ 'ਚ ਨੱਥ ਪਾਉਣ 'ਚ ਅਹਿਮ ਯੋਗਦਾਨ ਦਿਤਾ ਜਾਂਦਾ ਰਿਹਾ ਹੈ। ਪਿਛਲੇ ਦਿਨੀਂ ਭਾਜਪਾ ਦੇ ਸਿਰਕੱਢ ਨੇਤਾ ਵਿਕਾਸ ਬਰਾਲਾ ਦੇ ਪੁੱਤਰ ਵਲੋਂ ਇਕ ਸੀਨੀਅਰ ਆਈ.ਏ.ਐਸ. ਅਧਿਕਾਰੀ ਦੀ ਲੜਕੀ ਨਾਲ ਛੇੜਛਾੜ ਕਰਨ ਦੇ ਕੇਸ ਨਾਲ ਸਿਟੀ ਪੁਲਿਸ ਵਲੋਂ ਸਮੇਂ ਸਿਰ ਅਤੇ ਸਹੀ ਕਾਰਵਾਈ ਨਾ ਕਰਨ ਸਦਕਾ ਚੰਡੀਗੜ੍ਹ ਪੁਲਿਸ 'ਤੇ ਕਈ ਸਵਾਲ ਖੜੇ ਹੋ ਗਏ ਹਨ, ਜਿਨ੍ਹਾਂ ਦੀ ਖ਼ਾਕੀ ਵਰਦੀ 'ਤੇ ਲੱਗੇ ਦਾਗ਼ ਹੁਣ ਜਗਦੰਬੇ ਨੀਲਾਂਬਰੀ ਵਿਜੈ ਹੀ ਧੋ ਸਕੇਗੀ ਕਿਉਂਕਿ ਉਪਰੋਕਤ ਮਾਮਲੇ ਦਾ ਸੇਕ ਹੁਣ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਰਬਾਰ 'ਚ ਪੁੱਜ ਚੁਕਾ ਹੈ, ਜਿਸ ਨੇ ਯੂ.ਟੀ. ਪ੍ਰਸ਼ਾਸਨ ਦੀ ਬਹੁਤ ਹੀ ਬਦਨਾਮੀ ਕਰਵਾਈ ਹੈ।
ਦੱਸਣਯੋਗ ਹੈ ਕਿ ਚੰਡੀਗੜ੍ਹ 'ਚ ਲਾਅ ਐਂਡ ਆਰਡਰ ਦੀ ਵਿਗੜ ਰਹੇ ਹਾਲਾਤ ਤੋਂ ਪ੍ਰੇਸਾਨ ਹੋ ਕੇ ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਆਈ.ਜੀ. ਚੰਡੀਗੜ੍ਹ ਪੁਲਿ ਤੇਜਿੰਦਰ ਸਿੰਘ ਲੂਥਰਾ, ਅਪਣੇ ਸਲਾਹਕਾਰ ਪ੍ਰੀਮਲ ਰਾਏ ਅਤੇ ਗ੍ਰਹਿ ਸਕੱਤਰ ਅਨੁਰਾਗ ਅਗਰਵਾਲ ਨੂੰ ਬੜੀ ਗੰਭੀਰਤਾ ਨਾਲ ਸਥਿਤੀ ਸੰਭਾਲਣ ਲਈ ਹੁਕਮ ਦਿਤੇ ਹਨ।
ਦੂਜੇ ਪਾਸੇ ਚੰਡੀਗੜ੍ਹ ਪੁਲਿਸ ਵਿਭਾਗ, ਟ੍ਰੈਫ਼ਿਕ ਪੁਲਿਸ, ਪੁਲਿਸ ਸਟੇਸ਼ਨਾਂ, ਕਰਾਈਮ ਬਰਾਂਚ 'ਚ ਫੈਲੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣੀ ਪਵੇਗੀ, ਜਿਸਤੋਂ ਲੋਕ ਡਾਹਢੇ ਦੁਖੀ ਪ੍ਰੇਸ਼ਾਨ ਹਨ। ਨਵੀਂ ਪੁਲਿਸ ਅਧਿਕਾਰੀ ਲਈ ਚੰਡੀਗੜ੍ਹ ਪੁਲਿਸ ਦੇ ਮੂਲ ਕੇਡਰ ਦੇ ਇੰਸਪੈਕਟਰਾਂ ਦੀਆਂ ਤਰੱਕੀਆਂ ਪ੍ਰਸ਼ਾਸਨ ਨੇ ਕੋਰਟ ਦੇ ਹੁਕਮਾਂ ਬਾਅਦ ਵੀ ਰੋਕ ਲਾ ਦਿਤੀ ਹੈ। ਜਦੋਂਕਿ ਉਨ੍ਹਾਂ ਦੀਆਂ ਰਾਖ਼ਵੀਆਂ 22 ਪੋਸਟਾ ਵਿਚੋਂ ਅੱਧੀਆਂ ਤੋਂ ਜ਼ਿਆਦਾ 'ਤੇ ਪੰਜਾਬ, ਦਿੱਲੀ ਤੇ ਹਰਿਆਣਾ ਦੇ ਡੀ.ਐਸ.ਪੀ. ਤਾਇਨਾਤ ਕੀਤੇ ਜਾ ਰਹੇ ਹਨ। ਹੁਣ ਵੇਖਣਾ ਹੈ ਕਿ ਜਗਦੰਗੇ ਨੀਲਾਂਬਰੀ ਵਿਜੈ ਕਿਵੇਂ ਇਕ ਇਨ੍ਹਾਂ ਚੈਲੰਜ ਨੂੰ ਕਬੂਲ ਕਰਨਗੇ?