
ਕੱਚੇ ਅਧਿਆਪਕਾਂ ਨੂੰ ਪੂਰੇ ਗਰੇਡ ਵਿਚ ਬਿਨਾਂ ਸ਼ਰਤ ਪੱਕੇ ਕਰਨ ਦੀ ਮੰਗ
ਲੁਧਿਆਣਾ, 25 ਮਾਰਚ (ਰਵੀ ਭਾਟੀਆ): ਸਾਂਝਾ ਅਧਿਆਪਕ ਮੋਰਚੇ ਵਲੋਂ ਸਥਾਨਕ ਜਲੰਧਰ ਬਾਈਪਾਸ ਤੇ ਸਥਿਤ ਦਾਨਾ ਮੰਡੀ ਵਿਚ ਕੀਤੀ ਸੂਬਾ ਪਧਰੀ ਚਿਤਾਵਨੀ ਰੈਲੀ ਵਿਚ ਅੱਜ ਪੰਜਾਬ ਭਰ 'ਚੋਂ 18 ਜਥੇਬੰਦੀਆਂ ਦੇ ਹਜ਼ਾਰਾਂ ਅਧਿਆਪਕ ਅਧਿਆਪਕਾਵਾਂ ਨੇ ਸ਼ਮੂਲੀਅਤ ਕੀਤੀ। ਰੈਲੀ ਤੋਂ ਬਾਅਦ ਅਧਿਆਪਕਾਂ ਨੇ ਰੋਸ ਮਾਰਚ ਕਢਦਿਆਂ ਜਲੰਧਰ ਬਾਈਪਾਸ ਜਾਮ ਕਰ ਦਿਤਾ। ਰੈਲੀ ਵਾਲਾ ਸਥਾਨ ਪੁਲਿਸ ਛਾਉਣੀ ਵਿਚ ਤਬਦੀਲ ਹੋਇਆ ਰਿਹਾ। ਜਾਮ ਖੁਲਵਾਉਣ ਲਈ ਪੁਲਿਸ ਨੂੰ ਪਸੀਨਾ ਵਹਾਉਣਾ ਪਿਆ।
ਸੂਬਾਈ ਕਨਵੀਨਰਾਂ ਬਲਕਾਰ ਵਲਟੋਹਾ, ਸੁਖਵਿੰਦਰ ਸਿੰਘ ਚਾਹਲ, ਭੁਪਿੰਦਰ ਵੜੈਚ, ਕੁਲਵੰਤ ਗਿੱਲ ਅਤੇ ਬਾਜ ਸਿੰਘ ਖਹਿਰਾ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿਚ ਦਰਜ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਸਕੂਲਾਂ ਰਾਹੀਂ ਮਿਆਰੀ ਸਿਖਿਆ ਦੇਣ ਲਈ ਜੀਡੀਪੀ ਦਾ 6 ਫ਼ੀਸਦੀ ਸਿਖਿਆ ਦੇ ਵਿਕਾਸ ਅਤੇ ਵਾਧੇ ਲਈ ਖ਼ਰਚ ਕਰਨ, ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ, ਖ਼ਾਲੀ ਪੋਸਟਾਂ ਭਰਨ, ਸਕੂਲਾਂ ਵਿਚ ਸਮਾਰਟ ਕਲਾਸ ਰੂਮ ਬਣਾਉਣ, ਡਿਜੀਟਲ ਤਕਨੀਕ ਰਾਹੀਂ ਸਿਖਿਆ ਦੇਣ ਲਈ ਬੁਨਿਆਦੀ ਢਾਂਚਾ ਵਿਕਸਤ ਕਰਨ, ਅਧਿਆਪਕਾਂ ਤੋਂ ਗ਼ੈਰ ਵਿਦਿਅਕ ਕੰਮ ਲੈਣੇ ਬੰਦ ਕਰਨ ਦੀ ਮੰਗ ਕੀਤੀ। ਅਧਿਆਪਕ ਆਗੂਆਂ ਨੇ ਅਧਿਆਪਕਾਂ ਦੇ ਭਖਵੇਂ ਮਸਲੇ ਇਕ ਸਾਲ ਵਿਚ ਵੀ ਹੱਲ ਨਾ ਕਰਨ, ਸਿਖਿਆ ਸੁਧਾਰ ਦੇ ਬਹਾਨੇ ਹੇਠ ਪੰਜਾਬੀ ਭਾਸ਼ਾ ਦੇ ਨਾਂ 'ਤੇ ਬਣੇ ਪੰਜਾਬੀ ਸੂਬੇ ਦੇ ਮਿਡਲ ਸਕੂਲਾਂ ਵਿਚੋਂ ਪੰਜਾਬੀ ਜਾਂ ਰਾਸ਼ਟਰੀ ਭਾਸ਼ਾ ਹਿੰਦੀ ਅਤੇ ਡਰਾਇੰਗ ਜਾਂ ਪੀਟੀਆਈ ਦੀਆਂ ਪੋਸਟਾਂ ਖ਼ਤਮ ਕਰਨ, 800 ਪ੍ਰਾਇਮਰੀ ਸਕੂਲ ਬੰਦ ਕਰਨ, ਇਸ ਸਾਲ ਬੱਚਿਆਂ ਨੂੰ ਕਿਤਾਬਾਂ ਅਤੇ ਵਰਦੀਆਂ ਹੁਣ ਤਕ ਵੀ ਨਾ ਦੇਣ ਦੀ ਨਿਖੇਧੀ ਕੀਤੀ ਉਨ੍ਹਾਂ ਹਰ ਵਰਗ ਦੇ ਬੱਚਿਆਂ ਨੂੰ ਕਿਤਾਬਾਂ, ਕਾਪੀਆਂ, ਵਰਦੀਆਂ ਸੈਸ਼ਨ ਦੇ ਸ਼ੁਰੂ ਵਿੱਚ ਅਤੇ ਵਜ਼ੀਫੇ ਸਮੇਂ ਸਿਰ ਦੇਣ, ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਦੀ ਥਾਂ ਐਸਸੀਈਆਰਟੀ ਦੇ ਸਿਲੇਬਸ ਨੂੰ ਹੀ ਤਰਕਸੰਗਤ ਬਣਾਏ ਜਾਣ ਅਤੇ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰਨ ਦੀ ਜ਼ੋਰਦਾਰ ਮੰਗ ਕੀਤੀ।
ਦਾਣਾ ਮੰਡੀ ਵਿਚ ਅਧਿਆਪਕ ਅਪਣੇ ਪਰਵਾਰਾਂ ਸਮੇਤ ਸ਼ਾਮਲ ਹੋਏ। ਕਈ ਅਧਿਆਪਕਾਵਾਂ ਅਪਣੇ ਛੋਟੇ ਬੱਚਿਆਂ ਨੂੰ ਵੀ ਰੈਲੀ ਵਿਚ ਨਾਲ ਲੈ ਕੇ ਆਈਆਂ। ਅਧਿਆਪਕ ਅਪਣਾ ਅਪਣਾ ਖਾਣਾ ਵੀ ਘਰੋਂ ਨਾਲ ਹੀ ਬੰਨ ਕੇ ਲਿਆਏ ਜੋ ਨੇ ਰੈਲੀ ਦੌਰਾਨ ਹੀ ਖਾਧਾ। ਦਾਣਾ ਮੰਡੀ ਵਿਚ ਰੈਲੀ ਤੋਂ ਬਾਅਦ ਅਧਿਆਪਕ ਜਲੰਧਰ ਬਾਈਪਾਸ ਵਲ ਨੂੰ ਚੱਲ ਪਏ। ਜਲੰਧਰ ਬਾਈਪਾਸ ਵਿਖੇ ਅਧਿਆਪਕਾਂ ਨੇ ਕੁੱਝ ਦੇਰ ਜਾਮ ਲਾਈ ਰਖਿਆ ਜਿਸ ਦੌਰਾਨ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ। ਪੁਲਿਸ ਛਾਉਣੀ ਵਿਚ ਤਬਦੀਲ ਹੋਏ ਜਲੰਧਰ ਬਾਈਪਾਸ ਤੇ ਜਾਮ ਖੁਲਵਾਉਣ ਲਈ ਪੁਲਿਸ ਨੂੰ ਕਾਫੀ ਜੱਦੋ ਜਹਿਦ ਕਰਨੀ ਪਈ।