
ਹੁਣ ਅਕਾਲੀ ਦਲ ਤੋਂ ਸੰਕਟ ਦੇ ਬੱਦਲ ਹਟਾਵੇਗੀ ਬਾਦਲ ਜੋੜੀ...
ਚੰਡੀਗੜ੍ਹ : ਪੰਜਾਬ ਵਿਚ ਗੋਲੀਕਾਂਡ ਅਤੇ ਬੇਅਦਬੀ ਦੀਆਂ ਘਟਨਾਵਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਉੱਤੇ ਮੰਡਰਾ ਰਹੇ ਸਿਆਸੀ ਸੰਕਟ ਦੇ ਬੱਦਲਾਂ ਨੂੰ ਬਾਦਲ ਜੋੜੀ ਵੱਲੋਂ ਹਟਾਉਣ ਦੀ ਤਿਆਰੀ ਕੱਸੀ ਜਾ ਰਹੀ ਹੈ। ਦਰਅਸਲ ਪਾਰਟੀ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਲੋਕ ਸਭਾ ਚੋਣਾਂ ਦੌਰਾਨ ਚੋਣ ਮੈਦਾਨ ਵਿਚ ਉਤਾਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਦਲ ਦੇ ਪ੍ਰਧਾਨ ਚੋਣ ਮੈਦਾਨ ਵਿਚ ਹੋਣਗੇ ਤਾਂ ਇਸ ਨਾਲ ਕਈ ਤਰ੍ਹਾਂ ਦੀ ਸਮੀਕਰਨ ਬਦਲਨ ਦਾ ਅੰਦਾਜ਼ਾ ਹੈ।
Sukhbir Singh Badal
ਦੂਜੇ ਪਾਸੇ ਪਾਰਟੀ ਕਾਡਰਾਂ ਵਿਚ ਵੀ ਇਸ ਨਾਲ ਜੋਸ਼ ਭਰਿਆ ਜਾਵੇਗਾ। ਅਕਾਲੀ ਦਲ ਵੱਲੋਂ ਲੁਧਿਆਣਾ ਅਤੇ ਫਰੀਦਕੋਟ ਹਲਕਿਆਂ ਤੋਂ ਬਿਨ੍ਹਾਂ ਬਾਕੀ ਹਲਕਿਆਂ ਤੋਂ ਉਮੀਦਵਾਰਾਂ ਦੇ ਨਾਂ ਲਗਪਗ ਤੈਅ ਕਰ ਲਏ ਹਨ ਪਰ ਨਵੀਂ ਰਣਨੀਤੀ ਮੁਤਾਬਿਕ ਸੁਖਬੀਰ ਸਿੰਘ ਤੇ ਹਰਸਿਮਰਤ ਕੌਰ ਬਾਦਲ ਨੂੰ ਮੈਦਾਨ ਵਿਚ ਉਤਾਰਨ ਦਾ ਫ਼ਸਲਾ ਲਿਆ ਗਿਆ ਹੈ। ਪਾਰਟੀ ਦੇ ਸੂਤਰਾਂ ਮੁਤਾਬਿਕ ਪਾਰਟੀ ਨੂੰ ਮੁੜ ਤੋਂ ਖੜ੍ਹ ਕਰਨ ਅਤੇ ਲੋਕਾਂ ਵਿਚ ਮਜ਼ਬੂਤ ਆਧਾਰ ਬਣਾਉਣ ਲਈ ਸੁਖਬੀਰ ਸਿੰਘ ਬਾਦਲ ਨੂੰ ਸੁਰੱਖਿਅਤ ਸਮਝੇ ਜਾਂਦੇ ਹਲਕੇ ਫਿਰੋਜ਼ਪੁਰ ਤੋਂ ਚੋਣ ਲੜਾਈ ਜਾਣ ‘ਤੇ ਵਿਚਾਰ ਹੋ ਰਹੀ ਹੈ।
Harsimrat Kaur Badal
ਜਦਕਿ ਹਰਸਿਮਰਤ ਕੌਰ ਬਾਦਲ ਨੂੰ ਆਪਣੇ ਪਹਿਲੇ ਹਲਕੇ ਬਠਿੰਡਾ ਤੋਂ ਚੋਣ ਲੜਾਉਣ ਬਾਰੇ ਚਰਚਾ ਚੱਲ ਰਹੀ ਹੈ। ਸੀਨੀਅਰ ਅਕਾਲੀ ਆਗੂਆਂ ਦਾ ਮੰਨਣਾ ਹੈ ਕਿ ਬੇਅਦਬੀ ਅਤੇ ਗੋਲੀਕਾਂਡ ਦੇ ਪਰਛਾਵਿਆਂ ਕਾਰਨ ਦਿਹਾਤੀ ਖੇਤਰ ਵਿਚਲਾ ਵਰਕਰ ਪਿਛਲੇ ਸਮੇਂ ਤੋਂ ਮਾਯੂਸੀ ਵਿਚ ਹੈ। ਅਕਾਲੀ ਦਲ ਆਉਣ ਵਾਲੀਆਂ ਚੋਣਾਂ ਦੌਰਾਨ ਕਰੋ ਜਾਂ ਮਰੋ ਦੀ ਲੜਾਈ ਲੜਨ ਦੇ ਰੌਅ ਵਿਚ ਹੈ ਕਿਉਂਕਿ ਪਾਰਟੀ ਅੰਦਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜੇਕਰ ਸੰਸਦੀ ਚੋਣਾਂ ਦੌਰਾਨ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਨਾ ਦਿਖਾਈ ਜਾ ਸਕੀ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਹੱਥੋਂ ਨਿਕਲ ਸਕਦੀਆਂ ਹਨ।