
ਭਗਵੰਤ ਮਾਨ ਨੇ ਸਾਬਕਾ ਵਿਧਾਇਕਾਂ ਨੂੰ ਮਿਲਦੀਆਂ ਕਈ-ਕਈ ਪੈਨਸ਼ਨਾਂ ਬੰਦ ਕਰਨ ਦਾ ਕੀਤਾ ਐਲਾਨ
ਹੁਣ ਮਿਲੇਗੀ ਸਿਰਫ਼ ਇਕ ਟਰਮ ਦੀ ਹੀ ਪੈਨਸ਼ਨ, ਫ਼ੈਮਲੀ ਪੈਨਸ਼ਨ 'ਚ ਵੀ ਹੋਵੇਗੀ ਕਟੌਤੀ
ਚੰਡੀਗੜ੍ਹ, 25 ਮਾਰਚ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਪਣੇ ਕਾਰਜਕਾਲ ਦੇ ਇਕ ਹਫ਼ਤੇ ਦੇ ਸਮੇਂ ਅੰਦਰ ਹੀ ਹਰ ਦਿਨ ਲਏ ਕੋਈ ਨਾ ਕਈ ਅਹਿਮ ਫ਼ੈਸਲਿਆਂ ਦੀ ਲੜੀ 'ਚ ਸੂਬੇ ਦੇ ਖਜ਼ਾਨੇ ਨੂੰ ਰਾਹਤ ਦੇਣ ਵਾਲਾ ਇਕ ਹੋਰ ਵੱਡਾ ਫ਼ੈਸਲਾ ਸਾਬਕਾ ਵਿਧਾਇਕਾਂ ਨੂੰ ਮਿਲ ਰਹੀਆਂ ਕਈ ਕਈ ਪੈਨਸ਼ਨਾਂ ਨੂੰ ਖ਼ਤਮ ਕਰਨ ਬਾਰੇ ਲਿਆ ਹੈ | ਹੁਣ ਸਾਬਕਾ ਵਿਧਾਇਕ ਨੂੰ ਇਕ ਹੀ ਪੈਨਸ਼ਨ ਮਿਲੇਗੀ ਜਦ ਕਿ ਇਸ ਸਮੇਂ ਕਈ ਵਿਧਾਇਕ 7-7 ਪੈਨਸ਼ਨਾਂ ਵੀ ਲੈ ਰਹੇ ਹਨ | ਇਹ ਪੈਨਸ਼ਨਾਂ ਖ਼ਤਮ ਕਰਨ ਦੀ ਮੰਗ 'ਆਪ' ਵਿਰੋਧੀ ਧਿਰ 'ਚ ਰਹਿੰਦਿਆਂ ਵੀ ਉਠਾਉਂਦੀ ਰਹੀ ਹੈ ਅਤੇ ਅੱਜ ਮੁੱਖ ਮੰਤਰੀ ਨੇ ਖ਼ੁਦ ਐਲਾਨ ਕਰ ਕੇ ਸੱਤਾ 'ਚ ਆਉਣ ਬਾਅਦ ਇਹ ਪੈਨਸ਼ਨਾਂ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ | ਕਈ ਵਿਧਾਇਕ ਤਾਂ ਇਕ ਮਹੀਨੇ ਦੀ 6 ਲੱਖ ਰੁਪਏ ਤੋਂ ਵਧ ਪੈਨਸ਼ਨ ਵੀ ਲੈ ਰਹੇ ਹਨ |
ਭਗਵੰਤ ਮਾਨ ਨੇ ਅੱਜ ਵੀਡੀਉ ਕਾਨਫ਼ਰੰਸ ਰਾਹੀਂ ਅਹਿਮ ਐਲਾਨ ਕਰਦੇ ਹੋਏ ਕਿਹਾ ਰਾਜਨੀਤਕ ਉਮੀਦਵਾਰ ਵਿਧਾਇਕ ਬਣਨ ਤੋਂ ਪਹਿਲਾਂ ਲੋਕਾਂ ਅੱਗੇ ਹੱਥ ਬੰਨ੍ਹ ਕੇ ਸੇਵਾ ਦੇ ਨਾਂ ਉਤੇ ਵੋਟਾਂ ਮੰਗਦੇ ਹਨ | ਕਈ ਤਾਂ 'ਰਾਜ ਨਹੀਂ ਸੇਵਾ' ਦੀ ਗੱਲ ਕਰਦੇ ਹਨ ਪਰ ਜੋ ਪੈਨਸ਼ਨ ਦਾ ਮਾਮਲਾ ਚੱਲ ਰਿਹਾ ਹੈ, ਇਹ ਇਸ ਦੇ ਬਿਲਕੁਲ ਉਲਟ ਹੈ | ਕਈ 3-3 ਅਤੇ 6-6 ਵਾਰ ਜਿੱਤੇ ਵਿਧਾਇਕ 3 ਲੱਖ ਤੋਂ ਲੈ ਕੇ 6-6 ਲੱਖ ਰੁਪਏ ਮਹੀਨਾ ਤਕ ਦੀਆਂ ਹਰ ਟਰਮ ਦੇ ਹਿਸਾਬ ਨਾਲ ਕਈ ਕਈ ਪੈਨਸ਼ਨਾਂ ਲੈ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਅਤੇ ਇਸ ਲਈ ਮੈਂ ਇਹ ਪੈਨਸ਼ਨਾਂ ਬੰਦ ਕਰਨ ਦਾ ਫ਼ੈਸਲਾ ਲਿਆ ਹੈ | ਇਸ ਤੋਂ ਬਚਤ ਹੋਣ ਵਾਲੇ ਕਰੋੜਾਂ ਰੁਪਏ ਲੋਕ ਭਲਾਈ ਦੇ ਕੰਮਾਂ ਉਪਰ ਖ਼ਰਚ ਕੀਤੇ ਜਾਣਗੇ | ਸਾਬਕਾ ਵਿਧਾਇਕਾਂ ਦੇ ਪ੍ਰਵਾਰਾਂ ਨੂੰ ਵੀ ਪੈਨਸ਼ਨ ਦੇ ਕਈ ਲਾਭ ਮਿਲ ਰਹੇ ਹਨ ਅਤੇ ਇਨ੍ਹਾਂ ਵਿਚ ਵੀ ਕਟੌਤੀ ਲਈ ਅਫ਼ਸਰਾਂ ਨੂੰ ਹਿਦਾਇਤ ਕਰ ਦਿਤੀ ਗਈ ਹੈ | ਮੁੱਖ ਮੰਤਰੀ ਦੇ ਇਸ ਫ਼ੈਸਲੇ ਨਾਲ ਸੱਭ ਤੋਂ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਲੱਗਾ ਹੈ, ਜਿਸ ਦੇ ਹੀ ਬਹੁਤੇ ਸਾਬਕਾ ਵਿਧਾਇਕ ਇਹ ਪੈਨਸ਼ਨਾਂ ਲੈ ਰਹੇ ਸਨ, ਜਿਨ੍ਹਾਂ 'ਚ ਇਨ੍ਹਾਂ ਪਾਰਟੀਆਂ ਦੇ ਕਈ ਵੱਡੇ ਨਾਂ ਵੀ ਸ਼ਾਮਲ ਹਨ |