
ਭਗਵੰਤ ਮਾਨ ਦੀ 'ਐਂਟੀ ਕੁਰੱਪਸ਼ਨ ਐਕਸ਼ਨ ਲਾਈਨ' ਉਪਰ ਆਇਆ ਸ਼ਿਕਾਇਤਾਂ ਦਾ ਹੜ੍ਹ
ਤੀਜੇ ਦਿਨ ਸ਼ਿਕਾਇਤਾਂ ਦੀ ਗਿਣਤੀ 30 ਹਜ਼ਾਰ ਤੋਂ ਪਾਰ ਹੋਈ
ਚੰਡੀਗੜ੍ਹ, 24 ਮਾਰਚ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ 23 ਮਾਰਚ ਨੂੰ ਸ਼ਹੀਦੀ ਦਿਵਸ ਮੌਕੇ ਵਿਸ਼ੇਸ਼ ਫ਼ੋਨ ਨੰਬਰ ਜਾਰੀ ਕਰ ਕੇ ਖੋਲ੍ਹੀ ਗਈ 'ਐਂਟੀ ਕੁਰੱਪਸ਼ਨ ਐਕਸ਼ਨ ਲਾਈਨ' ਨੇ ਇਕ ਵਾਰ ਤਾਂ ਪੰਜਾਬ ਦੇ ਵੱਖ-ਵੱਖ ਮਹਿਕਮਿਆਂ 'ਚ ਰਿਸ਼ਵਤਖੋਰੀ ਉਪਰ ਰੋਕ ਲਗਾ ਦਿਤੀ ਹੈ ਅਤੇ ਇਸ ਫ਼ੋਨ ਲਾਈਨ ਉਪਰ ਪਹਿਲੇ ਤਿੰਨ ਦਿਨਾਂ ਅੰਦਰ ਹੀ ਭਿ੍ਸ਼ਟਾਚਾਰ ਵਿਰੋਧੀ ਸ਼ਿਕਾਇਤਾਂ ਦਾ ਹੜ੍ਹ ਜਿਹਾ ਆ ਗਿਆ ਹੈ |
ਪਹਿਲੇ ਦਿਨ ਸੈਂਕੜੇ ਸ਼ਿਕਾਇਤਾਂ ਦਰਜ ਹੋਣ ਤੋਂ ਬਾਅਦ ਹੁਣ ਤੀਜੇ ਦਿਨ ਦੀ ਸ਼ਾਮ ਤਕ ਸ਼ਿਕਾਇਤਾਂ ਦੀ ਗਿਣਤੀ 30 ਹਜ਼ਾਰ ਤੋਂ ਵੀ ਪਾਰ ਹੋ ਚੁੱਕੀ ਹੈ | ਜੇ ਸ਼ਿਕਾਇਤਾਂ ਦੀ ਰਫ਼ਤਾਰ ਇਹੋ ਰਹੀ ਤਾਂ ਅਗਲੇ 5-7 ਦਿਨਾਂ 'ਚ ਅੰਕੜਾ ਲੱਖਾਂ 'ਚ ਪਹੁੰਚ ਜਾਵੇਗਾ | ਇਸ ਨਾਲ ਇਹ ਵੀ ਪਤਾ ਲਗਦਾ ਹੈ ਕਿ ਸੂਬੇ 'ਚ ਭਿ੍ਸ਼ਟਾਚਾਰ ਕਿਸ ਹੱਦ ਤਕ ਜੜ੍ਹਾ ਜਮਾਈ ਬੈਠਾ ਹੈ ਅਤੇ ਲੋਕ ਇਸ ਤੋਂ ਕਿੰਨੇੇ ਤੰਗ ਹਨ |
ਜਾਣਕਾਰੀ ਅਨੁਸਾਰ ਆ ਰਹੀਆਂ ਸ਼ਿਕਾਇਤਾਂ ਦੀ ਛਾਣਬੀਣ ਕਰ ਕੇ ਜਾਂਚ ਯੋਗ ਸ਼ਿਕਾਇਤਾਂ ਦੇ ਵੇਰਵੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦੀ ਵੱਡੀ ਟੀਮ ਹੀ ਤਿਆਰ ਕਰ ਰਹੀ ਹੈ | ਵਿਜੀਲੈਂਸ ਬਿਊਰੋ ਦੇ ਮੁਖੀ ਈਸ਼ਵਰ ਸਿੰਘ ਨੇ ਹੁਣ ਤਾਂ ਖ਼ੁਦ ਇਸ ਕੰਮ ਦੀ ਅਗਵਾਈ ਸੰਭਾਲ ਲਈ ਹੈ | ਮਿਲੀ ਜਾਣਕਾਰੀ ਮੁਤਾਬਕ ਆ ਰਹੀਆਂ ਬਹੁਤੀਆਂ ਸ਼ਿਕਾਇਤਾਂ ਬਿਨਾ ਆਡੀਉ ਤੇ ਵੀਡੀਉ ਸਬੂਤਾਂ ਦੇ ਹੀ ਆ ਰਹੀਆਂ ਹਨ ਪਰ ਫਿਰ ਵੀ ਜਾਂਚ ਯੋਗ ਮਾਮਲਿਆਂ ਦੀ ਸ਼ਨਾਖ਼ਤ ਕਰ ਕੇ ਕਾਰਵਾਈ ਅੱਗੇ ਵਧਾਈ ਜਾ ਰਹੀ ਹੈ | ਕਾਫ਼ੀ ਸ਼ਿਕਾਇਤਾਂ ਦੀ ਜਾਂਚ ਪੜਤਾਲ ਵੀ ਨਾਲੋ-ਨਾਲ ਸ਼ੁਰੂ ਹੋ ਚੁੱਕੀ ਹੈ | ਇਹ ਗੱਲ ਵੀ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਵਲੋਂ ਫ਼ੋਨ ਲਾਈਨ ਖੋਲ੍ਹੇ ਜਾਣ ਬਾਅਦ ਬਹੁਤ ਅਫ਼ਸਰਾਂ ਨੇ ਦਫ਼ਤਰਾਂ 'ਚ ਫ਼ੋਨ ਲੈ ਕੇ ਅੰਦਰ ਜਾਣ 'ਤੇ ਰੋਕ ਲਗਾ ਦਿਤੀ ਹੈ ਅਤੇ ਦਫ਼ਤਰਾਂ ਅੱਗੇ ਇਸ ਬਾਰੇ ਲੱਗੇ ਬੋਰਡ ਵੇਖੇ ਜਾ ਸਕਦੇ ਹਨ | ਲੋਕ ਮੁੱਖ ਮੰਤਰੀ ਤੋਂ ਮੰਗ ਕਰ ਰਹੇ ਹਨ ਕਿ ਦਫ਼ਤਰਾਂ 'ਚ ਫ਼ੋਨ 'ਤੇ ਰੋਕਾਂ ਹਟਾਈਆਂ ਜਾਣ ਤਾਂ ਹੀ ਰਿਸ਼ਵਤ ਮੰਗਣ ਵਾਲੇ ਅਫ਼ਸਰਾਂ ਦੀ ਵੀਡੀਉ ਰਿਕਾਰਡਿੰਗ ਸੰਭਵ ਹੋ ਸਕੇਗੀ |