
ਯੁਵਰਾਜ ਦੀ ਮੌਤ ਤੋਂ ਬਾਅਦ ਪਿੰਡ ’ਚ ਸੋਗ ਦੀ ਲਹਿਰ ਫੈਲ ਗਈ ਹੈ...
ਕਪੂਰਥਲਾ : ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆਂ ਮਾਰਗ 'ਤੇ ਐੱਚ.ਪੀ. ਪੈਟਰੋਲ ਪੰਪ ਦੇ ਇੱਕ ਨੇੜੇ ਵਾਪਰੇ ਸੜਕ ਹਾਦਸੇ 'ਚ ਬੁਲੇਟ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਤੇ ਇੱਕ ਨੌਜਵਾਨ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਯੁਵਰਾਜ ਸਿੰਘ (18) ਵਾਸੀ ਪਿੰਡ ਮਹਿਜੀਤਪੁਰ ਸੁਲਤਾਨਪੁਰ ਲੋਧੀ ਅਤੇ ਚੇਤਨ ਸਿੰਘ ਵਾਸੀ ਮੇਵਾ ਸਿੰਘ ਵਾਲਾ ਦੋਵੇਂ ਬੁਲੇਟ ਮੋਟਰਸਾਈਕਲ 'ਤੇ ਪਿੰਡ ਮੇਵਾਸਿੰਘਵਾਲਾ ਵੱਲ ਆ ਰਹੇ ਸਨ ਤਾਂ ਇਸ ਦੌਰਾਨ ਐੱਚ ਪੀ ਪੈਟਰੋਲ ਪੰਪ ਦੇ ਨੇੜੇ ਇਕ ਅਣਪਛਾਤੇ ਵਾਹਨ ਚ ਟੱਕਰਾਂ ਜਾਣ ਕਾਰਨ ਉੰਨਾ ਨਾਲ ਸੜਕ ਹਾਦਸਾ ਵਾਪਰ ਗਿਆ।
ਹਾਦਸੇ ਵਿਚ ਜ਼ਖਮੀ ਹੋਏ ਦੋਵਾਂ ਨੌਜਵਾਨਾਂ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਦਾ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਹਾਲਾਂਕਿ ਇੱਕ ਨੌਜਵਾਨ ਯੁਵਰਾਜ ਸਿੰਘ ਦੀ ਹਾਲਤ ਗੰਭੀਰ ਹੋਣ ਦੇ ਚਲਦਿਆਂ ਉਸਨੂੰ ਰੈਫਰ ਕਰ ਦਿੱਤਾ ਗਿਆ। ਪਰੰਤੂ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸਦੀ ਜਲੰਧਰ ਦੇ ਇੱਕ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਯੁਵਰਾਜ ਦੀ ਮੌਤ ਤੋਂ ਬਾਅਦ ਪਿੰਡ ’ਚ ਸੋਗ ਦੀ ਲਹਿਰ ਫੈਲ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਯੁਵਰਾਜ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸਦੀ ਉਮਰ 18 ਸਾਲ ਸੀ ਪਰ ਉਸਦਾ ਪਿੰਡ ਵਾਸੀਆਂ ਨਾਲ ਬਹੁਤ ਪਿਆਰ ਸੀ ਅਤੇ ਹਸਮੁੱਖ ਸੁਭਾਅ ਦਾ ਮਾਲਕ ਸੀ ਅਤੇ ਮੇਵਾ ਸਿੰਘ ਵਾਲਾ ਪਿੰਡ ਵਿਖੇ ਸਥਿਤ ਇਕ ਗੈਰਜ ਵਿਚ ਮੋਟਰ ਮਕੈਨਿਕ ਦਾ ਕੰਮ ਸਿੱਖਦਾ ਸੀ।