
ਤਲਵਾੜਾ ਲਾਗੇ ਅਧਿਕਾਰੀਆਂ ਦੀ 'ਮਿਲੀਭੁਗਤ' ਨਾਲ ਚੱਲ ਰਿਹੈ ਗੋਰਖਧੰਦਾ
ਤਲਵਾੜਾ,ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਸਖ਼ਤੀ ਦੇ ਬਾਵਜੂਦ ਕੰਢੀ ਖੇਤਰ 'ਚ ਜੰਗਲਾਤ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਵਣ ਮਾਫ਼ੀਆ ਪੂਰਾ ਸਰਗਰਮ ਹੈ। ਕੌਮੀ ਗ੍ਰੀਨ ਟ੍ਰਿਬਿਊਨਲ ਵਲੋਂ ਲਾਈ ਗਈ ਦਰੱਖ਼ਤਾਂ ਦੀ ਕਟਾਈ 'ਤੇ ਪਾਬੰਦੀ ਦੇ ਬਾਵਜੂਦ ਸੁਖਚੈਨਪੁਰ 'ਚ ਚੀਲ ਤੇ ਖ਼ੈਰ ਦੇ ਕੀਮਤੀ ਦਰੱਖ਼ਤਾਂ ਦੀ ਕਟਾਈ ਕਰ ਕੇ ਲੱਕੜ ਤੋਂ ਕੱਚਾ ਕੋਲਾ ਬਣਾਉਣ ਦੀਆਂ ਭੱਠੀਆਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਭੱਠੀਆਂ ਨੂੰ ਜੰਗਲਾਤ ਵਿਭਾਗ ਜਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕੋਈ ਇਜਾਜ਼ਤ ਨਾ ਹੋਣ ਦੇ ਬਾਵਜੂਦ ਫ਼ਾਇਰ ਸੀਜ਼ਨ ਵਿਚ ਇਨ੍ਹਾਂ ਭੱਠੀਆਂ ਦਾ ਚਲਣਾ ਵਿਭਾਗੀ ਅਧਿਕਾਰੀਆਂ ਦੀ ਕਾਰਗੁਜ਼ਾਰੀ 'ਤੇ ਸਵਾਲ ਖੜੇ ਕਰ ਰਿਹਾ ਹੈ। ਸੁਖਚੈਨਪੁਰ ਦੇ ਪੰਚਾਇਤ ਮੈਂਬਰਾਂ ਦਾ ਦੋਸ਼ ਹੈ ਕਿ ਭੱਠੀਆਂ ਚਲਾਉਣ ਵਾਲਿਆਂ ਨੇ ਪੰਚਾਇਤੀ ਰਕਬੇ 'ਚੋਂ ਕਰੀਬ ਦਰਜਨ ਭਰ ਖ਼ੈਰ ਅਤੇ 70 ਤੋਂ 80 ਦਰੱਖ਼ਤ ਚੀਲ ਦੇ ਕੱਟ ਲਏ ਹਨ ਪਰ ਸਬੰਧਤ ਰੇਂਜ ਅਫ਼ਸਰ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਉਹ ਚੁੱਪ ਧਾਰੀ ਬੈਠੇ ਹਨ।
Cutting Trees
ਪਿੰਡ ਸੁਖਚੈਨਪੁਰ ਦੇ ਪੰਚਾਇਤ ਮੈਂਬਰ ਰਾਜੇਸ਼ ਕੁਮਾਰ ਨੇ ਦਸਿਆ ਕਿ ਵਣ ਮਾਫ਼ੀਆ ਨਾਲ ਜੁੜੇ ਹੋਏ ਪਿੰਡ ਦੇ ਕੁੱਝ ਲੋਕਾਂ ਵਲੋਂ ਜੰਗਲ ਨਾਲ ਲਗਦੇ ਖੇਤਰ ਵਿਚ ਚੀਲ ਤੇ ਖ਼ੈਰ ਦੇ ਦਰੱਖ਼ਤਾਂ ਦੀ ਨਜਾਇਜ਼ ਕਟਾਈ ਕਰ ਕੇ ਕੱਚੇ ਕੋਲੇ ਦੀਆਂ ਕਰੀਬ 14 ਭੱਠੀਆਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਭੱਠੀਆਂ ਤੋਂ ਤਿਆਰ ਕੀਤਾ ਕੋਲਾ ਹੁਸ਼ਿਆਰਪੁਰ ਦੀ ਫ਼ੈਕਟਰੀ ਨੂੰ ਸਪਲਾਈ ਕੀਤਾ ਜਾ ਰਿਹਾ ਹੈ। ਭੱਠੀਆਂ ਚਲਾਉਣ ਵਾਲਿਆਂ ਵਲੋਂ ਕਥਿਤ ਤੌਰ 'ਤੇ ਸੁਖਚੈਨਪੁਰ ਦੇ ਪੰਚਾਇਤੀ ਰਕਬੇ ਦੇ ਖਸਰਾ ਨੰਬਰ 484 ਵਿਚਲੀ 120 ਕਨਾਲ ਜ਼ਮੀਨ ਵਿਚੋਂ ਖ਼ੈਰ ਦੇ ਕਰੀਬ ਦਰਜਨ ਅਤੇ ਚੀਲ ਦੇ 70/80 ਦਰੱਖ਼ਤ ਕੱਟ ਲਏ ਗਏ ਹਨ। ਭੱਠੀਆਂ ਦੇ ਮਾਲਕਾਂ ਕੇਵਲ ਕ੍ਰਿਸ਼ਨ ਤੇ ਬੰਤਾ ਰਾਮ ਨੇ ਦਸਿਆ ਕਿ ਭੱਠੀਆਂ ਚਲਾਉਣ ਲਈ ਇਜਾਜ਼ਤ ਜ਼ਰੂਰੀ ਹੋਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ। ਉਹ 20 ਸਾਲ ਤੋਂ ਇਹ ਕਾਰੋਬਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੋਲਾ ਬਣਾਉਣ ਲਈ ਦਰੱਖ਼ਤ ਮੁਲ ਲਏ ਜਾਂਦੇ ਹਨ ਜਾਂ ਅਪਣੀਆਂ ਜ਼ਮੀਨਾਂ ਵਿਚੋਂ ਕੱਟਦੇ ਹਨ। ਜੇ ਇਹ ਗ਼ਲਤ ਹੈ ਤਾਂ ਉਹ ਬੰਦ ਕਰ ਦੇਣਗੇ।