
ਕੇਂਦਰ ਸਰਕਾਰ ਦੇ ਹੁਕਮਾਂ ਮਗਰੋਂ ਪਿਆ ਭੰਬਲਭੂਸਾ
ਜੈਪੁਰ/ਚੰਡੀਗੜ੍ਹ, 25 ਅਪ੍ਰੈਲ: ਲਾਕਡਾਊਨ ਦੌਰਾਨ ਦੁਕਾਨਾਂ ਖੋਲ੍ਹੇ ਜਾਣ ਦੇ ਕੇਂਦਰ ਸਰਕਾਰ ਦੇ ਹੁਕਮਾਂ ਨੇ ਦੇਸ਼ ਭਰ 'ਚ ਕਈ ਦੁਕਾਨਦਾਰਾਂ ਨੂੰ ਭੰਬਲਭੂਸੇ 'ਚ ਪਾਈ ਰਖਿਆ।ਕੁੱਝ ਇਲਾਕਿਆਂ 'ਚ ਦੁਕਾਨਾਂ ਖੁੱਲ੍ਹੀਆਂ ਅਤੇ ਬਾਅਦ 'ਚ ਬੰਦ ਹੋ ਗਈਆਂ। ਦੁਕਾਨਦਾਰ ਪੂਰਾ ਦਿਨ ਅਧਿਕਾਰੀਆਂ ਅਤੇ ਅਪਣੇ ਅਪਣੇ ਸੰਗਠਨਾਂ ਦੇ ਅਹੁਦੇਦਾਰਾਂ ਤੋਂ ਇਸ ਹੁਕਮ ਦੇ ਸਬੰਧ 'ਚ ਜਾਣਕਾਰੀ ਲੈਂਦੇ ਰਹੇ।
ਅੱਜ ਸਵੇਰੇ ਪੰਜਾਬ ਵਿਚ ਕਈ ਥਾਈਂ ਬਜ਼ਾਰਾਂ ਵਿਚ ਦੁਕਾਨਦਾਰਾਂ ਨੇ ਦੁਕਾਨਾਂ ਖੋਲ੍ਹ ਵੀ ਲਈਆਂ ਸਨ ਜੋ ਪੁਲਿਸ ਨੇ ਬੰਦ ਕਰਵਾਈਆਂ। ਪੰਜਾਬ ਦੇ ਵਿਸ਼ੇਸ ਮੁੱਖ ਸਕੱਤਰ ਕੇ.ਬੀ.ਐਸ. ਸਿੱਧੂ ਨੇ ਵੀ ਅੱਜ ਬਾਅਦ ਦੁਪਹਿਰ ਸੂਬਾ ਸਰਕਾਰ ਦੀ ਸਥਿਤੀ ਸਪੱਸ਼ਟ ਕਰ ਦਿਤੀ ਸੀ। ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਵੀ ਅੱਜ ਮੁੜ ਸਪੱਸ਼ਟ ਕੀਤਾ ਗਿਆ ਕਿ ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਰੈੱਡ ਜ਼ੋਨ ਵਾਲੇ ਹਾਟ ਸਪਾਟ ਖੇਤਰਾਂ ਵਿਚ ਤਾਂ ਕੋਈ ਛੋਟ ਨਹੀਂ ਮਿਲੇਗੀ ਪਰ ਹੋਰਨਾਂ ਚੁਣਵੇਂ ਖੇਤਰਾਂ ਵਿਚ ਪਿੰਡਾਂ ਤੋਂ ਇਲਾਵਾ ਸ਼ਹਿਰਾਂ ਵਿਚ ਗਲੀ-ਮੁਹੱਲਿਆਂ ਵਿਚ ਬਣੀਆਂ ਇਕਾ-ਦੁੱਕਾ ਦੁਕਾਨਾਂ ਨੂੰ ਖੋਲ੍ਹਣ ਦੀ ਛੋਟ ਹੈ ਅਤੇ ਸੂਬਾ ਸਰਕਾਰਾਂ ਇਸ ਬਾਰੇ ਫ਼ੈਸਲਾ ਲੈ ਸਕਦੀਆਂ ਹਨ।
File photo
ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ੁਕਰਵਾਰ ਦੇਰ ਰਾਤ ਜਾਰੀ ਇਕ ਆਦੇਸ਼ 'ਚ ਸਨਿਚਰਵਾਰ ਤੋਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਰਜਿਸਟਰਡ ਦੁਕਾਨਾਂ ਨੂੰ ਕੁੱਝ ਸ਼ਰਤਾਂ ਨਾਲ ਖੋਲ੍ਹਣ ਦੀ ਇਜਾਜ਼ਤ ਦੇ ਦਿਤੀ ਹੈ। ਰਾਜਸਥਾਨ ਤੋਂ ਪ੍ਰਾਪਤ ਸੂਚਨਾਵਾਂ ਅਨੁਸਾਰ ਸੂਬੇ ਦੇ ਕਈ ਸ਼ਹਿਰਾਂ ਅਤੇ ਕਸਬਿਆਂ 'ਚ ਕੁੱਝ ਦੁਕਾਨਾਂ ਖੁੱਲ੍ਹੀਆਂ ਪਰ ਪੁਲਿਸ ਮੁਲਾਜ਼ਮਾਂ ਜਾਂ ਦੁਕਾਨ ਸੰਘ ਦੇ ਅਹੁਦੇਦਾਰਾਂ ਨੇ ਉਨ੍ਹਾਂ ਨੂੰ ਬੰਦ ਕਰਾ ਦਿਤਾ। ਦੁਕਾਨਦਾਰਾਂ 'ਚ ਇਸ ਹੁਕਮ ਨੂੰ ਲੈ ਕੇ ਕਾਫ਼ੀ ਭੁੰਬਲਭੂਸੇ ਦਾ ਮਾਹੌਲ ਬਣਿਆ ਰਿਹਾ।
ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਬੰਦ ਦੇ ਦੌਰਾਨ ਸ਼ਹਿਰੀ ਇਲਾਕਿਆ ਨੂੰ ਰਿਹਾਇਸ਼ੀ ਕਲੌਨੀਆਂ ਅਤੇ ਗਲੀ-ਮੁਹੱਲੇ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿਤੀ ਹੈ, ਪਰ ਵੱਡੇ ਬਾਜ਼ਾਰਾਂ 'ਚ ਸਥਿਤ ਦੁਕਾਨਾਂ ਨੂੰ ਹਾਲੇ ਖੋਲ੍ਹਣ ਦੀ ਇਜਾਜ਼ਤ ਨਹੀਂ ਦਿਤੀ ਗਈ ਹੈ। ਪੈਂਡੂ ਖੇਤਰਾਂ 'ਚ ਸ਼ਾਪਿੰਗ ਮਾਲ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇ ਦਿਤੀ ਗਈ ਹੈ।
ਗ੍ਰਹਿ ਮੰਤਰਾਲੇ ਨੇ ਸਨਿਚਰਵਾਰ ਨੂੰ ਜਾਰੀ ਬਿਆਨ 'ਚ ਕਿਹਾ ਕਿ ਇਸ ਹੁਕਮ ਦੇ ਤਹਿਤ ਪੈਂਡੂ ਇਲਾਕਿਆ 'ਚ ਸ਼ਾਪਿੰਗ ਮਾਲ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਬਿਆਨ 'ਚ ਕਿਹਾ ਗਿਆ ਹੈ ਕਿ ਈ-ਕਾਮਰਸ ਕੰਪਨੀਆਂ ਸਿਰਫ਼ ਜ਼ਰੂਰੀ ਚੀਜ਼ਾਂ ਦੀ ਵਿਕਰੀ ਕਰ ਸਕਣਗੀਆਂ। (ਏਜੰਸੀਆਂ)