
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭਾਵੇਂ ਪੰਜਾਬ ਵਿਚ ਕਰਫ਼ਿਊ ਦੌਰਾਨ ਪੰਜਾਬੀਆਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਉਣ ਦੇਣ
ਨਾਭਾ, 25 ਅਪ੍ਰੈਲ (ਬਲਵੰਤ ਹਿਆਣਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭਾਵੇਂ ਪੰਜਾਬ ਵਿਚ ਕਰਫ਼ਿਊ ਦੌਰਾਨ ਪੰਜਾਬੀਆਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਉਣ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਭਾਰਤ ਅੰਦਰ ਕੋਰੋਨਾ ਵਾਇਰਸ ਕਾਰਨ ਚਲ ਰਹੀ ਤਾਲਾਬੰਦੀ ਦੇ ਨਾਲ- ਨਾਲ ਪੰਜਾਬ ਵਿਚ ਲੱਗੇ ਹੋਏ ਕਰਫ਼ਿਊ ਕਾਰਨ ਪੰਜਾਬ ਦੇ ਵਸਨੀਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਕਿ ਨਾਭਾ ਸਮੇਤ ਹੋਰਨਾਂ ਸ਼ਹਿਰਾਂ ਦੇ ਪ੍ਰਸ਼ਾਸਨ ਵਲੋਂ ਸਬਜ਼ੀਆਂ ਅਤੇ ਹੋਰ ਜ਼ਰੂਰੀ ਸਮਾਨ ਲੋਕਾਂ ਦੇ ਘਰਾਂ ਤਕ ਪਹੁੰਚਾਉਣ ਦੇ ਉਪਰਾਲੇ ਕੀਤੇ ਗਏ ਹਨ, ਦੂਜੇ ਪਾਸੇ ਵੱਡੀ ਗਿਣਤੀ ਪੰਜਾਬ ਵਾਸੀ ਅਜੇ ਵੀ ਅਨੇਕਾਂ ਸਮੱਸਿਆਵਾਂ ਵਿਚ ਘਿਰੇ ਹੋਏ ਹਨ।
ਕਰਫ਼ਿਊ ਕਾਰਨ ਆਮ ਲੋਕਾਂ ਦੀ ਜ਼ਿੰਦਗੀ ਦੀ ਰਫ਼ਤਾਰ ਹੋਲੀ ਹੋ ਗਈ ਹੈ। ਕਰਫ਼ਿਊ ਕਾਰਨ ਲੋਕ ਘਰਾਂ ਵਿਚ ਕੈਦ ਹੋ ਕੇ ਰਹਿ ਗਏ ਹਨ, ਭਾਵੇਂ ਕਿ ਅਨੇਕਾਂ ਘਰਾਂ ਵਿਚ ਇਸ ਤਾਲਾਬੰਦੀ ਅਤੇ ਕਰਫ਼ਿਊ ਦੌਰਾਨ ਕਈ ਤਰ੍ਹਾਂ ਦੇ ਪਕਵਾਨ ਵੀ ਬਣਾਏ ਜਾ ਰਹੇ ਹਨ, ਪਰ ਇਸ ਦੇ ਬਾਵਜੂਦ ਅਨੇਕਾਂ ਲੋਕਾਂ ਅੱਗੇ ਰੋਜੀ ਰੋਟੀ ਦਾ ਫਿਕਰ ਖੜਾ ਹੋ ਗਿਆ ਹੈ। ਪੰਜਾਬ ਵਿਚ ਇਸ ਸਮੇਂ ਕਣਕ ਦੀ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ, ਕਰਫ਼ਿਊ ਕਾਰਨ ਕਿਸਾਨਾਂ ਨੂੰ ਕਣਕ ਦੀ ਕਟਾਈ ਕਰਨ ਵਾਲੇ ਮਜਦੂਰਾਂ ਦੀ ਘਾਟ ਆ ਰਹੀ ਹੈ, ਦੂਜੇ ਪਾਸੇ ਕਰਫ਼ਿਊ ਅਤੇ ਤਾਲਾਬੰਦੀ ਕਾਰਨ ਯੂ ਪੀ , ਬਿਹਾਰ ਤੋਂ ਵੱਡੀ ਗਿਣਤੀ ਮਜ਼ਦੂਰ ਪੰਜਾਬ ਵਿਚ ਨਹੀਂ ਆ ਸਕੇ ਜਿਸ ਕਾਰਨ ਕਈ ਦਹਾਕਿਆਂ ਬਾਅਦ ਪੰਜਾਬ ਦੇ ਖੇਤਾਂ ਅਤੇ ਪੰਜਾਬ ਦੀਆਂ ਮੰਡੀਆਂ ਵਿਚ ਪੰਜਾਬੀ ਮਜ਼ਦੂਰ ਨਜ਼ਰ ਆ ਰਹੇ ਹਨ।
File photo
ਇਸ ਤਰ੍ਹਾਂ ਤਾਲਾਬੰਦੀ ਅਤੇ ਕਰਫ਼ਿਊ ਕਾਰਨ ਪੰਜਾਬੀ ਮਜ਼ਦੂਰਾਂ ਨੂੰ ਕੰਮ ਮਿਲਣ ਅਤੇ ਕਿਸਾਨਾਂ ਨੂੰ ਕਣਕ ਦੀ ਕਟਾਈ ਕਰ ਕੇ ਮੰਡੀਆਂ ਵਿਚ ਵੇਚਣ ਦੀ ਖੁੱਲ੍ਹ ਮਿਲਣ ਕਾਰਨ ਪੰਜਾਬ ਦੀ ਪੇਂਡੂ ਆਰਥਿਕਤਾ ਨੂੰ ਕੁੱਝ ਹੁਲਾਰਾ ਮਿਲਿਆ ਹੈ, ਪਰ ਇਸ ਦੇ ਨਾਲ ਹੀ ਇਹ ਵੀ ਅਸਲੀਅਤ ਹੈ ਕਿ ਕਰਫ਼ਿਊ ਅਤੇ ਤਾਲਾਬੰਦੀ ਕਾਰਨ ਇਸ ਵਾਰ ਕਿਸਾਨਾਂ ਨੂੰ ਕਣਕ ਦੀ ਕਟਾਈ ਅਤੇ ਮੰਡੀਆਂ ਵਿਚ ਕਣਕ ਵੇਚਣ ਤਕ ਅਨੇਕਾਂ ਔਕੜਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਕਰਫ਼ਿਊ ਕਾਰਨ ਜਿਥੇ ਵੱਡੀ ਗਿਣਤੀ ਦੁਕਾਨਦਾਰਾਂ ਦਾ ਕੰਮ ਧੰਦਾ ਠੱਪ ਹੋ ਗਿਆ ਹੈ, ਉਥੇ ਕਰਫ਼ਿਊ ਕਾਰਨ ਕਿਰਤੀਆਂ, ਦਿਹਾੜੀਦਾਰਾਂ, ਮਿਸਤਰੀਆਂ, ਮਜ਼ਦੂਰਾਂ ਦਾ ਕੰਮ ਬਿਲਕੁਲ ਠੱਪ ਹੋ ਗਿਆ ਹੈ। ਪੰਜਾਬ ਦੇ ਵੱਡੀ ਗਿਣਤੀ ਲੋਕ ਰੋਜ਼ ਦਾ ਕਮਾ ਕੇ ਰੋਜ ਖਾਣ ਵਾਲੇ ਹਨ, ਜਿਹਨਾਂ ਨੂੰ ਹੁਣ ਕਰਫ਼ਿਊ ਕਾਰਨ ਕੋਈ ਕੰਮ ਧੰਦਾ ਨਾ ਹੋਣ ਕਾਰਨ ਫਾਕੇ ਕੱਟਣ ਦੀ ਨੌਬਤ ਆ ਗਈ ਹੈ। ਭਾਵੇਂ ਕਿ ਵੱਖ- ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਲੋੜਵੰਦਾਂ ਨੂੰ ਮੁਫ਼ਤ ਰਾਸ਼ਨ ਅਤੇ ਲੰਗਰ ਵੰਡਿਆ ਜਾ ਰਿਹਾ ਹੈ ਪਰ ਇਸ ਰਾਸ਼ਨ ਵੰਡ ਮੁਹਿੰਮ ਉਪਰ ਸਿਆਸਤ ਅਤੇ ਭਾਈਭਤੀਜਾਵਾਦ ਦਾ ਪਰਛਾਵਾਂ ਪੈ ਗਿਆ ਹੈ।